ਅਜੀਤਵਾਲ, 11 ਮਾਰਚ (ਹਰਦੇਵ ਸਿੰਘ ਮਾਨ)-ਗ਼ਦਰੀ ਬਾਬੇ ਯਾਦਗਾਰ ਕਮੇਟੀ ਢੁੱਡੀਕੇ ਦੀ ਵਿਸ਼ੇਸ਼ ਇਕੱਤਰਤਾ ਪਿ੍ੰਸੀਪਲ ਬਲਦੇਵ ਬਾਵਾ ਦੀ ਪ੍ਰਧਾਨਗੀ ਹੇਠ ਯਾਦਗਾਰ ਵਿਖੇ ਹੋਈ, ਜਿਸ 'ਚ ਕੈਨੇਡਾ ਰਹਿੰਦੇ ਗ਼ਦਰੀ ਬਾਬਾ ਪਾਖਰ ਸਿੰਘ ਦੇ ਪੋਤਰੇ ਸਿਕੰਦਰ ਸਿੰਘ ਨੇ ਸ਼ਮੂਲੀਅਤ ਕਰਦਿਆਂ ਗ਼ਦਰੀ ਬਾਬਿਆਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਸੰਬੋਧਨ ਕਰਦਿਆਂ ਮਾਸਟਰ ਗੁਰਚਰਨ ਸਿੰਘ ਨੇ ਕਿਹਾ ਕਿ ਬਾਬਾ ਪਾਖਰ ਸਿੰਘ ਦੀ ਕੁਰਬਾਨੀ ਬੇਮਿਸਾਲ ਹੈ ਤੇ ਅੱਜ ਉਨ੍ਹਾਂ ਦੇ ਪੋਤਰੇ ਸਿਕੰਦਰ ਸਿੰਘ ਦਾ ਬਾਬਿਆਂ ਦੀ ਯਾਦਗਾਰ ਵਿਖੇ ਪਹੰੁਚਣਾ ਸਾਡੇ ਲਈ ਖੁਸੀ ਦੀ ਗੱਲ ਹੈ | ਪਿ੍ੰ. ਬਲਦੇਵ ਬਾਵਾ ਨੇ ਕਿਹਾ ਕਿ ਬੇਸ਼ੱਕ ਇਹ ਪਰਿਵਾਰ ਕੈਨੇਡਾ ਰਹਿ ਰਿਹਾ ਹੈ, ਪਰ ਉਹ ਪਿੰਡ ਢੁੱਡੀਕੇ ਤੇ ਪਿੰਡ ਦੇ ਗ਼ਦਰੀ ਬਾਬਿਆਂ ਨੂੰ ਹਮੇਸ਼ਾ ਯਾਦ ਰੱਖਦਾ ਹੈ | ਹਰੀ ਸਿੰਘ ਢੁੱਡੀਕੇ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਗ਼ਦਰੀ ਬਾਬੇ ਸਾਡੇ ਆਜ਼ਾਦੀ ਸੰਗਰਾਮ ਦੇ ਅਸਲੀ ਹੀਰੇ ਹਨ, ਜਿਨ੍ਹ ਾਂ ਬਾਰੇ ਨਾਵਲ ਲਿਖ ਕੇ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਮਿਲਦੀ ਹੈ ਕਿ ਉਹ ਆਪਣਾ ਬਣਦਾ ਫ਼ਰਜ਼ ਨਿਭਾਅ ਰਹੇ ਹਨ | ਇਸ ਮੌਕੇ ਗ਼ਦਰੀ ਬਾਬੇ ਯਾਦਗਾਰ ਕਮੇਟੀ ਵਲੋਂ ਸਿਕੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਨਾਮਵਰ ਲੇਖਕ ਹਰੀ ਸਿੰਘ ਨੇ ਬਾਬਾ ਪਾਖਰ ਸਿੰਘ ਬਾਰੇ ਲਿਖੇ ਆਪਣੇ ਨਾਵਲ ਦੀਆਂ 10 ਕਾਪੀਆਂ ਸਿਕੰਦਰ ਸਿੰਘ ਨੂੰ ਭੇਟ ਕੀਤੀਆਂ | ਸਿਕੰਦਰ ਸਿੰਘ ਨੇ ਮਾਸਟਰ ਹਰੀ ਸਿੰਘ ਵਲੋਂ ਗ਼ਦਰੀ ਬਾਬਿਆਂ ਬਾਰੇ ਲਿਖੇ ਨਾਵਲਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ 25 ਹਜ਼ਾਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ | ਇਸ ਮੌਕੇ ਮਾ: ਜੈਕਬ, ਚਮਕੌਰ ਸਿੰਘ ਫ਼ੌਜੀ, ਤਰਨਜੀਤਪਾਲ ਸਿੰਘ ਲਵਲੀ, ਅਕਸ਼, ਹਰਨਾਮ ਸਿੰਘ ਪਟਨੇ ਵਾਲੇ, ਮਿਸਤਰੀ ਮੋਹਨ ਸਿੰਘ, ਜਗਰੂਪ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |