ਮੋਗਾ, 27 ਮਾਰਚ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਧਰਮਕੋਟ ਦੇ ਸਾਬਕਾ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਪਾਰਟੀ ਛੱਡਣ ਤੋਂ ਬਾਅਦ ਧਰਮਕੋਟ ਹਲਕਾ ਇੰਚਾਰਜ ਵਲੋਂ ਲਾਵਾਰਸ ਪਿਆ ਹੈ, ਇਸ ਸਬੰਧੀ ਹਲਕਾ ਧਰਮਕੋਟ ਦੇ ਵਰਕਰਾਂ ਤੇ ਅਹੁਦੇਦਾਰਾਂ ਵਲੋਂ ਸਮੇਂ-ਸਮੇਂ ਸਿਰ ਆਪਣੀ ਮੰਗ ਰੱਖੀ ਜਾ ਰਹੀ ਹੈ, ਇਸ ਦੇ ਸਬੰਧ ਵਿਚ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਧਰਮਕੋਟ ਦੇ ਸਮੂਹ ਸਰਕਲ ਪ੍ਰਧਾਨਾਂ ਦੀ ਇਕ ਅਹਿਮ ਮੀਟਿੰਗ ਮੋਗਾ ਵਿਖੇ ਹੋਈ | ਮੀਟਿੰਗ ਦੌਰਾਨ ਵਿਚ ਸਰਕਲ ਪ੍ਰਧਾਨਾਂ ਨੇ ਕਿਹਾ ਕਿ ਆਪਾਂ ਸਾਰੇ ਰਲ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕਰ ਰਹੇ ਹਾਂ ਪਰ ਧਰਮਕੋਟ ਹਲਕਾ ਇੰਚਾਰਜ ਨਾ ਹੋਣ ਕਰਕੇ ਲੀਡਰ ਰਹਿਤ ਹੋ ਗਿਆ ਹੈ | ਇਸ ਮੌਕੇ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਿਆਂ ਕਿਹਾ ਕਿ ਹਲਕਾ ਧਰਮਕੋਟ ਇਸ ਵੇਲੇ ਹਲਕਾ ਇੰਚਾਰਜ ਨਾ ਹੋਣ ਕਰਕੇ ਲਾਵਾਰਸ ਪਿਆ ਹੈ | ਉਨ੍ਹਾਂ ਪਾਰਟੀ ਪ੍ਰਧਾਨ ਨੂੰ ਅਪੀਲ ਕੀਤੀ ਕਿ ਹਲਕਾ ਧਰਮਕੋਟ ਦਾ ਪ੍ਰਧਾਨ ਜਲਦ ਤੋਂ ਜਲਦ ਹਲਕੇ ਦੇ ਵਿਚੋਂ ਹੀ ਲਗਾਇਆ ਜਾਵੇ | ਬਾਹਰਲਾ ਉਮੀਦਵਾਰ ਸਾਨੂੰ ਮਨਜ਼ੂਰ ਨਹੀਂ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਚੜ੍ਹਦੀ ਕਲਾ ਵਿਚ ਲਿਜਾਇਆ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੇ ਮੀਟਿੰਗ ਵਿਚ ਸ਼ਾਮਲ ਸਮੂਹ ਸਰਕਲ ਪ੍ਰਧਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਮੰਗ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਪਹੁੰਚਾਉਣਗੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਵੀ ਹਾਜ਼ਰ ਸਨ |