ਕਿਸ਼ਨਪੁਰਾ ਕਲਾਂ, 28 ਮਾਰਚ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪਿੰਡ ਤਲਵੰਡੀ ਭੰਗੇਰੀਆਂ ਵਿਖੇ ਪੀਰ ਬਾਬਾ ਇਮਰਾਣੇ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਸੱਭਿਆਚਾਰਕ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੇਲੇ ਦਾ ਆਯੋਜਨ ਮੁੱਖ ਸੇਵਾਦਾਰ ਬਲਜੀਤ ਖਾਨ ਦੀ ਸਰਪ੍ਰਸਤੀ ਹੇਠ ਪ੍ਰਵਾਸੀ ਭਾਰਤੀ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ | ਇਸ ਮੇਲੇ ਦੌਰਾਨ ਸ਼ਰਧਾਲੂਆਂ ਨੇ ਬਾਬਾ ਜੀ ਦੇ ਅਸਥਾਨ ਤੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਸੂਫੀ ਗਾਇਕ ਦਿਲਸ਼ਾਦ ਖਾਨ ਵਲੋਂ ਕੀਤਾ ਗਿਆ | ਮੇਲੇ ਦੌਰਾਨ ਪ੍ਰਸਿੱਧ ਪੰਜਾਬੀ ਦੁਗਾਣਾ ਜੋੜੀ ਗਿੱਲ ਕਮਲ ਅਤੇ ਨੀਲਮ ਭਿੰਡਰ ਨੇ ਆਪਣੇ ਪੰਜਾਬੀ ਗੀਤ ਪੇਸ਼ ਕਰਦੇ ਹੋਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ | ਉਨ੍ਹਾਂ ਦੀ ਪੇਸ਼ਕਾਰੀ ਨੂੰ ਦਰਸ਼ਕਾਂ ਵਲੋਂ ਖੂਬ ਸਲਾਹਿਆ ਗਿਆ | ਇਸ ਮੌਕੇ ਕਾਮੇਡੀ ਕਲਾਕਾਰ ਚਾਚਾ ਬਿਸ਼ਨਾ ਨੇ ਆਪਣੇ ਹਾਸਿਆਂ ਭਰੇ ਟੋਟਕਿਆਂ ਨਾਲ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ | ਮੇਲੇ ਦੇ ਅੰਤ ਵਿਚ ਪ੍ਰਬੰਧਕ ਕਮੇਟੀ ਵਲੋਂ ਸ਼ਿਰਕਤ ਕਰਨ ਵਾਲੇ ਗਾਇਕਾਂ, ਕਲਾਕਾਰਾਂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿੰਡ ਵਾਸੀਆਂ ਨੇ ਮੇਲੇ ਦੀ ਸਫਲਤਾ 'ਤੇ ਖੁਸ਼ੀ ਜਤਾਈ ਅਤੇ ਅਜਿਹੇ ਪ੍ਰੋਗਰਾਮਾਂ ਨੂੰ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰੱਖਣ ਦਾ ਸੰਕਲਪ ਲਿਆ |