ਬੱਧਨੀ ਕਲਾਂ, 28 ਮਾਰਚ (ਸੰਜੀਵ ਕੋਛੜ)-ਸ਼੍ਰੋ. ਅਕਾਲੀ ਦਲ ਸਰਕਲ ਬੱਧਨੀ ਕਲਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਅਹਿਮ ਮੀਟਿੰਗ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਦੀ ਅਗਵਾਈ 'ਚ ਇਕਾਈ ਪ੍ਰਧਾਨ ਸੁਖਚੈਨ ਸਿੰਘ ਧਾਲੀਵਾਲ ਦੇ ਗ੍ਰਹਿ ਬੱਧਨੀ ਕਲਾਂ ਵਿਖੇ ਹੋਈ, ਇਸ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੇ ਇਕੱਤਰ ਹੋਏ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਦਿਨੀਂ ਹੜ੍ਹਾਂ ਦੌਰਾਨ ਲੋੜਵੰਦਾਂ ਦੀ ਕੀਤੀ ਗਈ ਦਿਲ ਖੋਲ੍ਹ ਕੇ ਮਦਦ ਅਤੇ ਸ਼੍ਰੋ. ਅਕਾਲੀ ਦਲ ਦੀ ਸਰਕਾਰ ਮੌਕੇ ਲੋਕ ਹਿਤੂ 'ਚ ਲਏ ਗਏ ਫ਼ੈਸਲਿਆਂ ਤੇ ਕਰਵਾਏ ਗਏ ਕੰਮਾਂ ਸਬੰਧੀ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਲਈ ਆਖਿਆ | ਇਸ ਸਮੇਂ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਖ਼ਫ਼ਾ ਹੋਏ ਵੱਡੀ ਗਿਣਤੀ 'ਚ ਲੋਕ ਸ਼੍ਰੋ. ਅਕਾਲੀ ਦਲ 'ਚ ਸ਼ਾਮਿਲ ਹੋ ਰਹੇ ਹਨ ਜਿਸ ਦਾ ਸਬੂਤ ਆਏ ਦਿਨ ਪਾਰਟੀ ਪ੍ਰਧਾਨ ਵਲੋਂ ਕੀਤੀਆਂ ਜਾ ਰਹੀਆਂ ਪੰਜਾਬ ਬਚਾਓ ਰੈਲੀਆਂ ਦੌਰਾਨ ਹੁੰਦੇ ਬੇਮਿਸਾਲ ਇਕੱਠਾਂ ਤੋਂ ਮਿਲਦਾ ਹੈ, ਹੁਣ ਉਹ ਦਿਨ ਦੂਰ ਨਹੀਂ ਕਿ ਲੋਕ ਇਕ ਵਾਰ ਫਿਰ ਤੋਂ ਸ਼੍ਰੋ. ਅਕਾਲੀ ਦਲ ਅਤੇ ਆਪਣੀ ਖੇਤਰੀ ਪਾਰਟੀ ਨੂੰ ਅੱਗੇ ਲਿਆਉਣ ਲਈ ਪੱਬਾਂ ਭਾਰ ਹੋਏ ਬੈਠੇ ਹਨ | ਇਕਾਈ ਪ੍ਰਧਾਨ ਸੁਖਚੈਨ ਸਿੰਘ ਧਾਲੀਵਾਲ ਨੇ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ ਅਤੇ ਇਕੱਤਰ ਹੋਏ ਮੈਂਬਰਾਂ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਅਜੀਤਪਾਲ ਸਿੰਘ ਰਣੀਆਂ, ਬੂਟਾ ਸਿੰਘ ਬੱਧਨੀ ਖ਼ੁਰਦ, ਅਮਰਜੀਤ ਸਿੰਘ ਬੁੱਟਰ, ਪਰਮਜੀਤ ਸਿੰਘ, ਨਾਹਰ ਸਿੰਘ ਪ੍ਰਧਾਨ, ਰਾਜਾ ਸਿੰਘ, ਕੁਲਵੰਤ ਸਿੰਘ, ਜਗਰਾਜ ਸਿੰਘ ਖੋਖਰ, ਜਗਰੂਪ ਸਿੰਘ ਚੌਧਰੀ, ਨਵਜੋਤ ਸਿੰਘ ਧਾਲੀਵਾਲ, ਅਮਰਜੀਤ ਸਿੰਘ ਸਾਬਕਾ ਐਮ.ਸੀ., ਚਮਕੌਰ ਸਿੰਘ ਨੰਬਰਦਾਰ, ਅਤਿੰਦਰ ਸਿੰਘ ਦੀਨਾ ਆਦਿ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ |