ਕਿਸ਼ਨਪੁਰਾ ਕਲਾਂ, 28 ਮਾਰਚ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਲਈ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਸਰਕਾਰੀ ਕੰਨਿਆ ਹਾਈ ਸਕੂਲ ਭਿੰਡਰ ਕਲਾਂ ਨੂੰ ਦੋ ਡਿਜੀਟਲ ਸਕਰੀਨ ਪੈਨਲ ਮੁਹੱਈਆ ਕਰਵਾਏ ਗਏ ਹਨ | ਜਿਨ੍ਹਾਂ ਰਾਹੀਂ ਅਧਿਆਪਕ ਵਿਦਿਆਰਥੀਆਂ ਨੂੰ ਵੀਡੀਉਗ੍ਰਾਫੀ ਤੇ ਤਸਵੀਰਾਂ ਦੁਆਰਾ ਵੱਖ-ਵੱਖ ਵਿਸ਼ਿਆਂ 'ਤੇ ਜਾਣਕਾਰੀ ਦੇ ਸਕਣਗੇ | ਜਿਸ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਵਿਚ ਹੋਰ ਵਾਧਾ ਹੋਵੇਗਾ | ਇਸ ਸਬੰਧੀ ਸਕੂਲ ਇੰਚਾਰਜ ਦੀਪਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਡਿਜੀਟਲ ਸਕਰੀਨ ਪੈਨਲ ਕਲਾਸ ਰੂਮ ਵਿਚ ਪੜ੍ਹਾਈ ਦੇ ਢੰਗ ਨੂੰ ਪੂਰੀ ਤਰ੍ਹਾਂ ਬਦਲ ਦੇਣਗੇ | ਹੁਣ ਅਧਿਆਪਕ ਡਿਜੀਟਲ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਨੂੰ ਬਹੁਤ ਆਸਾਨ ਢੰਗ ਨਾਲ ਸਮਝਾ ਸਕਣਗੇ | ਇਨ੍ਹਾਂ ਡਿਜੀਟਲ ਸਕਰੀਨ ਪੈਨਲਾਂ ਦਾ ਉਦਘਾਟਨ ਸਰਪੰਚ ਹਰਿੰਦਰ ਸਿੰਘ ਸਰਾਂ ਸਮੇਤ ਗਰਾਮ ਪੰਚਾਇਤ ਮੈਂਬਰਾਂ, ਸਮਾਜ ਸੇਵੀ ਸ਼ਖਸੀਅਤਾਂ ਨੇ ਸਾਂਝੇ ਤੌਰ 'ਤੇ ਕੀਤਾ | ਇਸ ਸਮੇਂ ਸਰਪੰਚ ਹਰਿੰਦਰ ਸਿੰਘ ਸਰਾਂ, ਕੈਪਟਨ ਪ੍ਰਤਾਪ ਸਿੰਘ, ਤਰਨਜੀਤ ਸਿੰਘ ਪੰਚ, ਰਣਜੀਤ ਸਿੰਘ ਬਿੱਟੂ ਪੰਚ, ਸਤਿਨਾਮ ਸਿੰਘ ਪੀਤਾ ਪੰਚ, ਗੁਰਦੀਪ ਸਿੰਘ ਪੰਚ ਸਮੇਤ ਮਾਪੇ ਤੇ ਵਿਦਿਆਰਥੀ ਹਾਜ਼ਰ ਸਨ |