ਮੋਗਾ, 3 ਅਪ੍ਰੈਲ (ਜਸਪਾਲ ਸਿੰਘ ਬੱਬੀ)-ਵਿਦਿਆਰਥੀ ਭਲਾਈ ਗਰੁੱਪ ਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ ਪਿੰਡ ਦੌਲਤਪੁਰਾ ਨੀਵਾਂ (ਮੋਗਾ) ਵਿਖੇ ਸਕਿੱਲ ਸੈਂਟਰ ਦਾ ਉਦਘਾਟਨ ਕੀਤਾ | ਜਿੱਥੇ 3 ਮਹੀਨੇ ਦੇ ਬਿਊਟੀਸ਼ੀਅਨ ਕੋਰਸ ਦੀ ਸ਼ੁਰੂਆਤ ਕੀਤੀ ਗਈ | ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੱਸਲ, ਸੈਕਟਰੀ ਵਿਕਾਸ ਸਿੰਗਲਾ, ਖ਼ਜ਼ਾਨਚੀ ਖੁਸ਼ੀਲ ਬਾਂਸਲ, ਮੈਂਬਰ ਸੋਨੂੰ ਦੂਆ, ਪ੍ਰੋ. ਬਲਵਿੰਦਰ ਸਿੰਘ, ਪਿ੍ੰ. ਸੁਖਦੇਵ ਸਿੰਘ, ਟਰੇਨਰ ਵੀਰਪਾਲ, ਹੈਲਪਰ ਸੀਤਾ ਤੋਂ ਇਲਾਵਾ ਟਰੇਨਿੰਗ ਲੈਣ ਵਾਲੀਆਂ 35 ਸਿਖਿਆਰਥਣਾਂ ਹਾਜ਼ਰ ਸਨ | ਪ੍ਰੋ. ਬਲਵਿੰਦਰ ਸਿੰਘ ਨੇ ਪਿੰਡ ਵਿਚ ਚੱਲ ਰਹੇ ਸਕਿੱਲ ਸੈਂਟਰ 'ਚ ਪਹਿਲਾਂ ਕਰਵਾਏ ਗਏ ਸਕਿੱਲ ਕੋਰਸਾਂ ਸਿਲਾਈ, ਕਢਾਈ, ਫ਼ੈਸ਼ਨ ਡਿਜ਼ਾਈਨਿੰਗ, ਅਚਾਰ ਪਾਪੜ, ਬੇਕਰੀ ਆਦਿ ਕੋਰਸਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਗੁਰਪ੍ਰੀਤ ਜੱਸਲ ਨੇ ਕਿਹਾ ਕਿ ਪਰਿਵਾਰ ਨੂੰ ਚਲਾਉਣ ਲਈ ਔਰਤਾਂ ਦਾ ਹੁਨਰਮੰਦ ਬਣ ਕੇ ਕਮਾਈ ਕਰਨਾ ਲਾਜ਼ਮੀ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਸਵੈ-ਵਿਸ਼ਵਾਸ ਨਾਲ ਹੀ ਜ਼ਿੰਦਗੀ 'ਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ | ਵਿਕਾਸ ਸਿੰਗਲਾ ਨੇ ਦੱਸਿਆ ਇਹ ਕੋਰਸ ਬਿਲਕੁਲ ਮੁਫ਼ਤ ਕਰਵਾਇਆ ਜਾਵੇਗਾ ਤੇ ਕੋਰਸ ਲਈ ਹਰ ਤਰ੍ਹਾਂ ਦੀ ਸਹੂਲਤ ਕਲੱਬ ਵੱਲੋਂ ਮੁਹੱਈਆ ਕਰਵਾਈ ਜਾਵੇਗੀ | ਖੁਸ਼ੀਲ ਬਾਂਸਲ ਨੇ ਕਿਹਾ ਕਿ ਵਧ ਰਹੀ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਲੜਕੀਆਂ ਦਾ ਹੁਨਰਮੰਦ ਹੋਣਾ ਬਹੁਤ ਜਰੂਰੀ ਹੈ | ਪਿ੍ੰ. ਸੁਖਦੇਵ ਸਿੰਘ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ | ਟਰੇਨਿੰਗ ਲੈਣ ਵਾਲੀਆਂ ਲੜਕੀਆਂ ਨੂੰ ਕਲੱਬ ਵਲੋਂ ਕਿੱਟਾਂ ਵੀ ਵੰਡੀਆਂ ਗਈਆਂ |