ਅਜੀਤਵਾਲ, 4 ਅਪ੍ਰੈਲ (ਹਰਦੇਵ ਸਿੰਘ ਮਾਨ)-ਪ੍ਰਸਿੱਧ ਧਾਰਮਿਕ ਅਸਥਾਨ ਗੁਰਦਵਾਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੌਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਬਾਬਾ ਨਰੈਣ ਸਿੰਘ ਦੀ 24ਵੀਂ ਬਰਸੀ 'ਤੇ ਧਾਰਮਿਕ ਸਮਾਗਮ ਅਸਥਾਨ ਦੇ ਮੁੱਖ ਸੇਵਾਦਾਰ ਪੰਥ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਹਰਵਿੰਦਰ ਸਿੰਘ ਖਾਲਸਾ ਰੌਲੀ ਵਾਲਿਆਂ ਦੀ ਦੇਖ-ਰੇਖ ਹੇਠ ਇਲਾਕਾ ਤੇ ਨਗਰ ਵਾਸੀ ਸੰਗਤਾਂ ਦੇ ਸਹਿਯੋਗ ਨਾਲ 4 ਅਪ੍ਰੈਲ ਤੋਂ 12 ਅਪ੍ਰੈਲ ਤੱਕ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੀ ਅੱਜ ਪਹਿਲੀ ਲੜੀ ਦੀ ਸ਼ੁਰੂਆਤ ਸਮੇਂ 54 ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਗਏ | ਸੰਤ ਬਾਬਾ ਹਰਵਿੰਦਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਅਪ੍ਰੈਲ ਨੂੰ ਬੱਚਿਆਂ ਤੇ ਨੌਜਵਾਨਾਂ ਦੇ ਦਸਤਾਰ ਮੁਕਾਬਲੇ ਹੋਣਗੇ | 6 ਅਪ੍ਰੈਲ ਨੂੰ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ ਮੁਫਤ ਮੈਡੀਕਲ ਕੈਂਪ ਅਤੇ ਦਵਾਈਆਂ ਦੀ ਸੇਵਾ ਹੋਵੇਗੀ | 8 ਅਪ੍ਰੈਲ ਨੂੰ ਅੱਖਾਂ ਦਾ ਜਾਂਚ ਕੈਂਪ ਲਗਾਇਆ ਜਾਵੇਗਾ ਤੇ ਲੋੜਵੰਦਾਂ ਨੂੰ ਦਵਾਈਆਂ ਤੇ ਲੈਨਜ਼ ਵੀ ਮੁਫਤ ਪਾਏ ਜਾਣਗੇ | 9-10-11 ਅਪ੍ਰੈਲ ਨੂੰ ਸ਼ਾਮ 7 ਵਜੇ ਤੋਂ ਰਾਤ 10 ਵਜੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਨ੍ਹਾਂ 'ਚ ਪੰਥ ਪ੍ਰਸਿੱਧ ਸੰਤ-ਮਹਾਂਪੁਰਸ਼, ਕਥਾ-ਵਾਚਕ, ਰਾਗੀ ਤੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਜੱਸ ਸਰਵਣ ਕਰਵਾਇਆ ਜਾਵੇਗਾ | 12 ਅਪ੍ਰੈਲ ਨੂੰ ਅਖੰਡ ਪਾਠਾਂ ਦੀ ਅੰਤਿਮ ਲੜੀ ਦੇ ਭੋਗ ਪਾਏ ਜਾਣਗੇ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਾਣਗੇ | ਜਿਨ੍ਹਾਂ 'ਚ ਅਹਿਮ ਪੰਥਕ ਸ਼ਖ਼ਸੀਅਤਾਂ, ਸੰਤ ਮਹਾਂਪੁਰਸ਼, ਰਾਗੀ, ਢਾਡੀ ਤੇ ਕਵੀਸ਼ਰ ਜਥੇ ਸੰਗਤਾਂ ਨੂੰ ਗੁਰਬਾਣੀ ਜੱਸ ਸਰਵਣ ਕਰਵਾਉਣਗੇ |