ਫ਼ਰੀਦਕੋਟ, 5 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਪ੍ਰਸ਼ਾਸਨ ਨੇ ਸਵੇਰੇ ਮੂੰਹ ਹਨ੍ਹੇਰੇ ਹੀ 4 ਵਜੇ ਦੇ ਕਰੀਬ 1158 ਭਰਤੀ ਅਧੀਨ ਨਿਯੁਕਤ ਹੋਏ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੇ ਪ੍ਰੋਫ਼ੈਸਰਾਂ ਨੂੰ ਉਨ੍ਹਾਂ ਦੇ ਘਰਾਂ 'ਚੋਂ ਜ਼ਬਰੀ ਚੁੱਕ ਕੇ ਥਾਣੇ ਡੱਕ ਦਿੱਤਾ | ਪ੍ਰੋਫੈਸਰ ਸ਼ਮਸ਼ੇਰ ਗਿੱਲ ਨੂੰ ਉਨ੍ਹਾਂ ਦੇ ਘਰ ਹੀ ਪੁਲਿਸ ਪੈਰਾ ਬਿਠਾ ਕੇ ਨਜ਼ਰਬੰਦ ਕਰ ਲਿਆ ਗਿਆ | ਗੌਰਤਲਬ ਹੈ ਕਿ ਜੈਤੋ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਰੈਲੀ ਕਰ ਰਹੇ ਸਨ | ਪੁਲਿਸ ਪ੍ਰਸ਼ਾਸਨ ਨੂੰ ਇਹ ਡਰ ਸੀ ਕਿ ਕਿਤੇ 1158 ਸਹਾਇਕ ਪ੍ਰੋਫ਼ੈਸਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਵਿਚ ਨਾ ਪਹੁੰਚ ਜਾਣ | ਗਿ੍ਫ਼ਤਾਰ ਕੀਤੇ ਪ੍ਰੋਫ਼ੈਸਰ ਹਿਮਾਂਸ਼ੂ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਦੇ ਕਰੀਬ ਪੁਲਿਸ ਦੀ ਧਾੜ ਇਸ ਤਰ੍ਹਾਂ ਉਨ੍ਹਾਂ ਦੇ ਘਰ ਪਹੁੰਚੀ ਜਿਵੇਂ ਕਿ ਉਹ ਕੋਈ ਅਪਰਾਧੀ ਨੂੰ ਲੈਣ ਆਏ ਹੋਣ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅੱਜ ਇਕ ਵਿਭਾਗੀ ਇਮਤਿਹਾਨ ਵਿਚ ਡਿਊਟੀ ਲੱਗੀ ਹੋਈ ਸੀ ਤੇ 1158 ਫ਼ਰੰਟ ਵਲੋਂ ਮੁੱਖ ਮੰਤਰੀ ਦੀ ਜੈਤੋ ਰੈਲੀ ਵਿਚ ਜਾਣ ਦਾ ਕੋਈ ਐਲਾਨਿਆ ਪ੍ਰੋਗਰਾਮ ਵੀ ਨਹੀਂ ਸੀ | ਇਸ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਚੁੱਕ ਕੇ ਥਾਣੇ ਜ਼ਬਰੀ ਬੰਦ ਕਰ ਦਿੱਤਾ ਤੇ ਉਨ੍ਹਾਂ ਦਾ ਮੋਬਾਈਲ ਫੋਨ ਵੀ ਲੈ ਲਿਆ ਤੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਵਾਉਣ ਤੋਂ ਵੀ ਮਨ੍ਹਾ ਕਰ ਦਿੱਤਾ | ਗਿ੍ਫ਼ਤਾਰ ਕੀਤੇ ਇਕ ਹੋਰ ਪ੍ਰੋਫ਼ੈਸਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਸਵੇਰ ਸਾਰ ਉਨ੍ਹਾਂ ਨੂੰ ਘਰੋਂ ਬਿਨ੍ਹਾਂ ਕੋਈ ਕਾਰਨ ਦੱਸੇ ਜਬਰੀ ਥਾਣੇ ਚੁੱਕ ਕੇ ਲੈ ਗਈ ਜਿਸ ਕਰਕੇ ਉਨ੍ਹਾਂ ਦੇ ਘਰ ਪਰਿਵਾਰ ਵਿਚ ਚਿੰਤਾ ਦਾ ਆਲਮ ਬਣ ਗਿਆ | ਪ੍ਰੋਫ਼ੈਸਰ ਸ਼ਮਸ਼ੇਰ ਗਿੱਲ ਜੋ ਕਿ ਕਾਲਜ ਤੋਂ ਦੂਰ ਇਕ ਪਿੰਡ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਵੀ ਸਵੇਰ ਸਾਰ ਘਰੇ ਹੀ ਪੁਲਿਸ ਪਹਿਰਾ ਬਿਠਾ ਕੇ ਨਜ਼ਰਬੰਦ ਕਰ ਲਿਆ ਗਿਆ | ਇਸ ਦੀ ਖਬਰ ਜਦੋਂ 1158 ਫ਼ਰੰਟ ਦੇ ਬਾਕੀ ਸਾਥੀਆਂ ਨੂੰ ਲੱਗੀ ਤਾਂ ਉਹ ਭਰਾਤਰੀ ਤੇ ਵਿਦਿਆਰਥੀ ਜਥੇਬੰਦੀਆਂ ਸਮੇਤ ਥਾਣਾ ਸਿਟੀ ਫ਼ਰੀਦਕੋਟ ਪਹੁੰਚ ਗਏ | ਜਿੱਥੇ ਪੁਲਿਸ ਪ੍ਰਸ਼ਾਸਨ ਤੋਂ ਪ੍ਰੋਫ਼ੈਸਰਾਂ ਨੂੰ ਰਿਹਾਅ ਕਰਵਾਇਆ ਗਿਆ | ਮਗਰੋਂ ਜਥੇਬੰਦਕ ਆਗੂਆਂ ਨੇ ਸ਼ਮਸ਼ੇਰ ਗਿੱਲ ਦੇ ਘਰ ਤੋਂ ਪੁਲਿਸ ਪਹਿਰਾ ਲੋਕ ਰੋਹ ਦੇ ਜ਼ੋਰ 'ਤੇ ਖ਼ਤਮ ਕਰਵਾਇਆ | ਇਸ ਮੌਕੇ 1158 ਫ਼ਰੰਟ ਤੋਂ ਪਹੁੰਚੇ ਡਾ. ਸਤਵੀਰ ਤੇ ਪ੍ਰੋਫ਼ੈਸਰ ਜਸਕਰਨ ਨੇ ਕਿਹਾ ਕਿ 'ਆਪ' ਸਰਕਾਰ ਲੋਕਾਂ ਦੀ ਜ਼ੁਬਾਨਬੰਦੀ ਕਰਨ ਦੇ ਚਾਲੇ ਪਈ ਹੋਈ ਹੈ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਤੋਂ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਗੜਿਆਂ ਦੀ ਮਾਰ ਨਾਲ ਉਜੜ ਰਿਹਾ ਹੈ ਤੇ ਮੁੱਖ ਮੰਤਰੀ ਕਿੱਕਲੀਆਂ ਪਾ ਰਿਹਾ ਹੈ | ਪੰਜਾਬ ਸਟੂਡੈਂਟ ਯੂਨੀਅਨ ਤੋਂ ਵਿਦਿਆਰਥੀਆਂ ਸਮੇਤ ਪਹੁੰਚੇ ਹਰਵੀਰ ਕੌਰ ਨੇ ਪੰਜਾਬ ਪੁਲਿਸ ਦੇ ਇਸ ਲੋਕ ਦੁਖੀ ਰਵੱਈਏ ਦੀ ਜੰਮ ਕੇ ਨਿਖੇਧੀ ਕੀਤੀ | ਪ੍ਰੋਫ਼ੈਸਰਾਂ ਦੀ ਰਿਹਾਈ ਲਈ ਸਾਥੀਆਂ ਸਮੇਤ ਪਹੁੰਚੇ ਪ੍ਰੋਫ਼ੈਸਰ ਗੁਰਤੇਜ ਸਫ਼ਰ, ਸਾਹਿਲ, ਰਕਸ਼ਕ, ਗੁਰਲਾਲ ਸਿੰਘ ਤੇ ਡਾ. ਸਤਨਾਮ ਨੇ ਆਉਂਦੇ ਦਿਨਾਂ ਵਿਚ ਪੰਜਾਬ ਸਰਕਾਰ ਵਿਰੁੱਧ ਹੋਰ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ |