ਅਜੀਤਵਾਲ, 6 ਅਪ੍ਰੈਲ (ਹਰਦੇਵ ਸਿੰਘ ਮਾਨ)-ਸੰਤ ਬਾਬਾ ਨਰੈਣ ਸਿੰਘ ਜੀ ਦੀ 24ਵੀਂ ਬਰਸੀ ਨੂੰ ਸਮਰਪਿਤ ਗੁਰਦੁਆਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੌਲੀ ਵਿਖੇ ਚੱਲ ਰਹੇ ਸਮਾਗਮਾਂ ਦੌਰਾਨ ਪਹਿਲੀ ਲੜੀ ਦੇ 54 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਦੂਸਰੀ ਲੜੀ ਦੇ 54 ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ | ਇਨ੍ਹਾਂ ਸਮਾਗਮਾਂ 'ਚ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਤਖਤ ਸ਼੍ਰੀ ਦਮਦਮਾ ਸਾਹਿਬ ਨੇ ਵਿਸ਼ੇਸ਼ ਸ਼ਿਰਕਤ ਕੀਤੀ ਤੇ ਸੰਤ ਬਾਬਾ ਹਰਵਿੰਦਰ ਸਿੰਘ ਖ਼ਾਲਸਾ ਵਲੋਂ ਕੀਤੇ ਜਾ ਰਹੇ ਧਰਮ ਪ੍ਰਚਾਰ ਤੇ ਸਮਾਜ ਸੇਵਾ ਦੇ ਵੱਡੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਨੌਜਵਾਨਾਂ ਤੇ ਬੱਚਿਆਂ ਨੂੰ ਬਾਣੀ ਬਾਣੇ ਦੇ ਧਾਰਨੀ ਹੋ ਕੇ ਦਾੜੀ-ਕੇਸਾਂ ਨਾਲ ਸਾਬਤ ਸੂਰਤ ਸਜ ਕੇ ਖ਼ਾਲਸਾਈ ਦਿੱਖ ਨੂੰ ਬਰਕਰਾਰ ਰੱਖਣ ਦੀ ਪੇ੍ਰਰਣਾ ਦਿੱਤੀ | ਸੰਤ ਬਾਬਾ ਹਰਵਿੰਦਰ ਸਿੰਘ ਖ਼ਾਲਸਾ ਵਲੋਂ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਦਾ ਅਸਥਾਨ ਵਿਖੇ ਪਹੁੰਚਣ 'ਤੇ ਧੰਨਵਾਦ ਕਰਦਿਆਂ ਸਨਮਾਨ ਕੀਤਾ | ਅਸਥਾਨ ਵਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਧਾਰਮਿਕ ਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਦੇ ਮਕਸਦ ਨਾਲ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ 'ਚ 5 ਤੋਂ 10 ਸਾਲ ਦੇ ਬੱਚਿਆਂ ਤੇ 11 ਤੋਂ 20 ਸਾਲ ਦੇ 97 ਨੌਜਵਾਨਾਂ ਨੇ ਹਿੱਸਾ ਲਿਆ | 5 ਤੋਂ 10 ਸਾਲ ਵਾਲੇ ਬੱਚਿਆਂ 'ਚ ਪਹਿਲਾਂ ਇਨਾਮ ਗੁਰਫ਼ਤਿਹ ਸਿੰਘ, ਦੂਸਰਾ ਇਨਾਮ ਗੁਰਪ੍ਰਤਾਪ ਸਿੰਘ, ਤੀਸਰਾ ਇਨਾਮ ਅਗਮਰੂਪ ਕੌਰ ਨੇ ਪ੍ਰਾਪਤ ਕੀਤਾ, ਦੂਜੇ ਗਰੁੱਪ 11 ਤੋਂ 20 ਸਾਲ 'ਚ ਪਹਿਲਾਂ ਮਨਵੀਰ ਸਿੰਘ, ਦੂਜਾ ਇਨਾਮ ਅਭੀਜੋਤ ਕੌਰ ਅਤੇ ਤੀਸਰਾ ਇਨਾਮ ਗੁਰਭੇਜ ਸਿੰਘ ਨੇ ਜਿੱਤਿਆ | ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਵਿੰਦਰ ਸਿੰਘ ਖ਼ਾਲਸਾ ਵਲੋਂ ਜੇਤੂ ਬੱਚਿਆਂ ਨੂੰ ਮੈਡਲ ਤੇ ਸ਼ੀਲਡਾਂ ਨਾਲ ਸਨਮਾਨਿਆ ਗਿਆ ਤੇ ਬਾਕੀ ਸਾਰੇ ਹਿੱਸਾ ਲੈਣ ਵਾਲੇ ਬੱਚਿਆਂ ਤੇ ਨੌਜਵਾਨਾਂ ਦੀ ਵੀ ਵਿਸ਼ੇਸ਼ ਇਨਾਮਾਂ ਨਾਲ ਹੌਂਸਲਾ ਅਫ਼ਜ਼ਾਈ ਕੀਤੀ ਗਈ | ਸੰਤ ਬਾਬਾ ਨਰੈਣ ਸਿੰਘ ਚੈਰੀਟੇਬਲ ਟਰੱਸਟ ਵਲੋਂ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਲਗਾਏ ਕੈਂਪ ਦੌਰਾਨ ਸਧਾਰਨ ਬਿਮਾਰੀਆਂ ਸਮੇਤ, ਕਿ੍ਸ਼ਨਾ ਐਡਵਾਂਸ ਕਾਰਡੀਓ ਐਂਡ ਡਾਈਬਟਿੱਕ ਸੈਂਟਰ ਮੋਗਾ ਵਲੋਂ ਸ਼ੂਗਰ, ਬੀ.ਪੀ. ਹਾਰਟ, ਕਿਡਨੀ, ਲੀਵਰ ਤੇ ਗਠੀਏ ਆਦਿ ਦੇ ਮਰੀਜ਼ਾਂ ਦੀ ਚੈੱਕਅਪ ਕੀਤੀ ਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ, ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਡਾਕਟਰੀ ਟੀਮਾਂ ਨੇ 550 ਦੇ ਕਰੀਬ ਮਰੀਜ਼ਾਂ ਤੇ ਲੋੜਵੰਦਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ | ਇਸ ਦੌਰਾਨ ਸਾਬਕਾ ਚੇਅਰਮੈਨ ਸਿਹਤ ਸੇਵਾਵਾਂ ਪੰਜਾਬ ਬਰਜਿੰਦਰ ਸਿੰਘ ਮੱਖਣ ਬਰਾੜ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਮੇਤ ਹੋਰ ਅਹਿਮ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ |