ਕੋਟ ਈਸੇ ਖਾਂ, 6 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਪੁਲਿਸ ਵਿਭਾਗ ਵਿਚ ਅਣਥੱਕ ਤੇ ਵਧੀਆ ਢੰਗ ਨਾਲ ਸੇਵਾਵਾਂ ਨਿਭਾਅ ਰਹੇ ਮੈਡਮ ਸੁਨੀਤਾ ਰਾਣੀ ਦੀ ਕਾਬਲੀਅਤ ਨੂੰ ਦੇਖਦੇ ਹੋਏ ਵਿਭਾਗ ਵਲੋਂ ਬੀਤੇ ਦਿਨੀਂ ਸਬ-ਇੰਸਪੈਕਟਰ ਤੋਂ ਪਦਉਨਤ ਕਰਕੇ ਇੰਸਪੈਕਟਰ ਬਣਾਇਆ ਗਿਆ | ਉਨ੍ਹਾਂ ਦੇ ਇੰਸਪੈਕਟਰ ਬਣਨ 'ਤੇ ਉਨ੍ਹਾਂ ਨੂੰ ਵੱਖ-ਵੱਖ ਨਾਮਵਰ ਸ਼ਖ਼ਸੀਅਤਾਂ ਵਲੋਂ ਵਧਾਈ ਦਿੱਤੀ ਗਈ | ਇੰਸਪੈਕਟਰ ਸੁਨੀਤਾ ਰਾਣੀ ਥਾਣਾ ਫ਼ਤਿਹਗੜ੍ਹ ਪੰਜਤੂਰ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ ਤੇ ਕੁਝ ਕੁ ਦਿਨ ਪਹਿਲਾਂ ਹੀ ਉਨ੍ਹਾਂ ਵਲੋਂ ਥਾਣਾ ਕੋਟ ਈਸੇ ਖਾਂ ਦਾ ਚਾਰਜ ਸੰਭਾਲਿਆ ਗਿਆ ਹੈ | ਫ਼ੱਕਰ ਬਾਬਾ ਦਾਮੂ ਸ਼ਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪਿੰਡ ਲੁਹਾਰਾ ਦੇ ਸਰਪੰਚ ਜਗਜੀਵਨ ਸਿੰਘ ਗਿੱਲ, ਸਾਬਕਾ ਸਰਪੰਚ ਕਰਮਜੀਤ ਸਿੰਘ ਗਿੱਲ, ਪਿੰਡ ਜਨੇਰ ਦੇ ਸਰਪੰਚ ਪਰਮਿੰਦਰ ਸਿੰਘ, ਸੀਨੀਅਰ ਆਪ ਆਗੂ ਹਰਪ੍ਰੀਤ ਸਿੰਘ ਕਾਲਾ ਜਨੇਰ ਤੇ ਹੋਰਨਾਂ ਆਗੂਆਂ ਵਲੋਂ ਥਾਣਾ ਕੋਟ ਈਸੇ ਖਾਂ ਵਿਖੇ ਪੁੱਜ ਕੇ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਰਾਣੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਈ ਵਿਸ਼ੇਸ਼ ਬੈਠਕ ਸਮੇਂ ਆਗੂਆਂ ਦਾ ਧੰਨਵਾਦ ਕਰਦਿਆਂ ਇੰਸਪੈਕਟਰ ਸੁਨੀਤਾ ਰਾਣੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਪੁਲਿਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਮਨ ਸ਼ਾਂਤੀ ਭਾਈਚਾਰਕ ਸਾਂਝ ਲਈ ਤਨਦੇਹੀ ਨਾਲ ਕੰਮ ਕਰਨਾ ਹੈ | ਇਸ ਮੌਕੇ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਸਰਪੰਚ ਬਲਦੇਵ ਸਿੰਘ ਤੇ ਹੋਰ ਪਤਵੰਤੇ ਵੀ ਮੌਜੂਦ ਰਹੇ |