ਕੋਟ ਈਸੇ ਖਾਂ, 8 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-10 ਅਪ੍ਰੈਲ ਨੂੰ ਮੋਗਾ ਦੇ ਵਿੰਡਸਰ ਪੈਲੇਸ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਕੀਤੀ ਜਾ ਰਹੀ ਕਾਨਫ਼ਰੰਸ ਵਿਚ ਕੌਮੀ ਪ੍ਰਧਾਨ ਰਕੇਸ਼ ਟਿਕੈਤ, ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਡਾ. ਪਿਆਰੇ ਲਾਲ ਗਰਗ, ਯੁੱਧਵੀਰ ਸਿੰਘ ਤੇ ਹੋਰ ਸੀਨੀਅਰ ਕਿਸਾਨ ਨੇਤਾ ਪੁੱਜ ਰਹੇ ਹਨ ਤੇ ਇਸ ਕਾਨਫ਼ਰੰਸ ਨੂੰ ਲੈ ਕੇ ਕਿਸਾਨਾਂ ਵਿਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ | ਇਹ ਜਾਣਕਾਰੀ ਪ੍ਰੈੱਸ ਬਿਆਨ ਰਾਹੀਂ ਦਿੰਦਿਆਂ ਬੀ.ਕੇ.ਯੂ. ਲੱਖੋਵਾਲ ਦੇ ਸੂਬਾ ਐਗਜ਼ੈਕਟਿਵ ਮੈਂਬਰ ਇਕਬਾਲ ਸਿੰਘ ਹੇਰ ਘਲੋਟੀ ਤੇ ਕਿਸਾਨ ਇਕੱਤਰ ਸਿੰਘ ਨੇ ਕਿਹਾ ਕਿ ਅਜੋਕੀ ਕਿਸਾਨੀ ਦੇ ਹਾਲਾਤ ਬਹੁਤੇ ਵਧੀਆ ਨਹੀਂ ਦਿਖਾਈ ਦੇ ਰਹੇ ਜਿਸ ਕਾਰਨ ਅੱਜ ਹਰ ਬੁੱਧੀਜੀਵੀ ਕਿਸਾਨ ਆਗੂ ਵਧੀਆ ਨਹੀਂ ਦਿਖਾਈ ਦੇ ਰਹੇ ਜਿਸ ਕਾਰਨ ਅੱਜ ਹਰ ਬੁੱਧੀਜੀਵੀ ਕਿਸਾਨ ਆਗੂ ਕਿਸਾਨੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ | ਆਗੂਆਂ ਨੇ ਕਿਹਾ ਕਿ ਕਾਨਫ਼ਰੰਸ ਵਿਚ ਜਿੱਥੇ ਕਿਸਾਨੀ ਦੇ ਮੌਜੂਦਾ ਹਾਲਾਤਾਂ 'ਤੇ ਚਰਚਾ ਹੋਵੇਗੀ ਉੱਥੇ ਹੀ ਕਿਸਾਨਾਂ ਨੂੰ ਖ਼ੁਸ਼ਹਾਲ ਬਣਾਈ ਰੱਖਣ ਲਈ ਯੂਨੀਅਨ ਵਲੋਂ ਜੋ ਵੀ ਅਗਲੀ ਰਣਨੀਤੀ ਉਲੀਕੀ ਜਾਵੇਗੀ, ਉਸ ਅਨੁਸਾਰ ਆਗੂਆਂ ਤੇ ਵਰਕਰਾਂ ਵਲੋਂ ਡਟ ਕੇ ਸਾਥ ਦਿੱਤਾ ਜਾਵੇਗਾ ਤਾਂ ਜੋ ਸੂਬੇ ਦੀ ਕਿਸਾਨੀ ਨੂੰ ਖ਼ੁਸ਼ਹਾਲ ਬਣਾਇਆ ਜਾ ਸਕੇ |