ਠੱਠੀ ਭਾਈ, 10 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਵਿਗੜੇ ਹੋਏ ਮੌਸਮ ਦੇ ਚੱਲਦਿਆਂ ਜਿੱਥੇ ਕਿਸਾਨਾਂ ਨੂੰ ਕਣਕ ਦੀ ਕਟਾਈ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉੱਥੇ ਹੀ ਮੌਸਮ ਦੇ ਸੁਧਾਰ ਨਾਲ ਕਿਸਾਨਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ | ਮੌਸਮ ਸਾਫ਼ ਹੋਣ ਤੋਂ ਬਾਅਦ ਕਿਸਾਨਾਂ ਵਲੋਂ ਕਣਕ ਦੀ ਕਟਾਈ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ ਤੇ ਉਹ ਲਗਾਤਾਰ ਦਿਨ-ਰਾਤ ਮਿਹਨਤ ਕਰਦੇ ਹੋਏ ਫ਼ਸਲ ਦੀ ਕਟਾਈ ਨੂੰ ਜਲਦੀ ਨਿਪਟਾਉਣ ਵਿਚ ਜੁਟੇ ਹੋਏ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੀ ਬਾਰਸ਼ ਤੇ ਹਵਾਵਾਂ ਕਾਰਨ ਫ਼ਸਲ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਬਣਿਆ ਹੋਇਆ ਸੀ, ਜਿਸ ਕਾਰਨ ਉਹ ਚਿੰਤਾ 'ਚ ਸਨ | ਹੁਣ ਜਿਵੇਂ ਹੀ ਮੌਸਮ ਸਾਫ਼ ਹੋਇਆ ਹੈ, ਉਹ ਆਪਣੀ ਪੱਕੀ ਹੋਈ ਫ਼ਸਲ ਨੂੰ ਬਚਾਉਣ ਲਈ ਕਟਾਈ ਦੇ ਕੰਮ ਨੂੰ ਤਰਜੀਹ ਦੇ ਰਹੇ ਹਨ ਤਾਂ ਜੋ ਕਿਸੇ ਵੀ ਅਚਾਨਕ ਮੌਸਮੀ ਬਦਲਾਅ ਨਾਲ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ | ਕਿਸਾਨਾਂ ਨੇ ਆਪਣੀ ਪ੍ਰੇਸ਼ਾਨੀ ਜਾਹਿਰ ਕਰਦਿਆਂ ਦੱਸਿਆ ਕਿ ਉਹ ਕਾਫੀ ਮੁਸ਼ਕਲਾਂ ਦੇ ਬਾਵਜੂਦ ਖੇਤਾਂ ਵਿਚੋਂ ਕਣਕ ਕੱਟ ਕੇ ਮੰਡੀ ਵਿਚ ਲੈ ਕੇ ਪਹੁੰਚ ਚੁੱਕੇ ਹਨ, ਪਰ ਹੁਣ ਉਨ੍ਹਾਂ ਨੂੰ ਇਹ ਵੱਡੀ ਚਿੰਤਾ ਸਤਾਉਣ ਲੱਗੀ ਹੈ ਕਿ ਜੇਕਰ ਫਿਰ ਤੋਂ ਮੌਸਮ ਵਿਗੜ ਗਿਆ ਤਾਂ ਮੰਡੀ 'ਚ ਪਈ ਕਣਕ ਬਾਰਸ਼ ਜਾਂ ਨਮੀ ਕਾਰਨ ਖ਼ਰਾਬ ਹੋ ਸਕਦੀ ਹੈ | ਕਿਸਾਨਾਂ ਨੇ ਕਿਹਾ ਕਿ ਮੰਡੀਆਂ ਵਿਚ ਤਰਪਾਲਾਂ, ਸ਼ੈੱਡਾਂ ਜਾਂ ਕਵਰ ਕਰਨ ਵਾਲੇ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਦੀ ਫ਼ਸਲ ਖੁੱਲ੍ਹੇ ਆਸਮਾਨ ਹੇਠ ਪਈ ਹੈ, ਜਿਸ ਨਾਲ ਨੁਕਸਾਨ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਕਈ ਕਿਸਾਨਾਂ ਨੇ ਕਰਜ਼ੇ ਲੈ ਕੇ ਫ਼ਸਲ ਤਿਆਰ ਕੀਤੀ ਹੈ ਤੇ ਜੇਕਰ ਮੰਡੀ ਵਿਚ ਹੀ ਫ਼ਸਲ ਨੁਕਸਾਨੀ ਗਈ ਤਾਂ ਉਨ੍ਹਾਂ ਲਈ ਵੱਡਾ ਆਰਥਿਕ ਸੰਕਟ ਖੜ੍ਹਾ ਹੋ ਸਕਦਾ ਹੈ | ਇਸ ਤੋਂ ਇਲਾਵਾ ਮੰਡੀ ਵਿਚ ਪਈ ਕਣਕ ਦੀ ਚੋਰਾਂ ਤੋਂ ਰਾਖੀ ਕਰਨਾ ਵੀ ਕਿਸਾਨਾਂ ਲਈ ਮੁਸ਼ਕਲ ਬਣੇਗਾ ਕਿਉਂਕਿ ਨਾ ਤਾਂ ਪੂਰੀ ਸੁਰੱਖਿਆ ਦੇ ਪ੍ਰਬੰਧ ਹਨ ਤੇ ਨਾ ਹੀ ਰਾਤ ਦੇ ਸਮੇਂ ਲਾਈਟਾਂ ਦੀ ਵਿਵਸਥਾ ਹੈ | ਦੂਜੇ ਪਾਸੇ ਜੇਕਰ ਖ਼ਰੀਦ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵੇ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ ਦਿਖਾਈ ਦੇ ਰਹੇ ਹਨ | ਠੱਠੀ ਭਾਈ ਖ਼ਰੀਦ ਕੇਂਦਰ ਵਿਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਪਰ ਖ਼ਬਰ ਲਿਖੇ ਜਾਣ ਤੱਕ ਅਜੇ ਤੱਕ ਨਾ ਤਾਂ ਕੋਈ ਖ਼ਰੀਦ ਅਧਿਕਾਰੀ ਮੌਕੇ 'ਤੇ ਪਹੁੰਚਿਆ ਹੈ ਅਤੇ ਨਾ ਹੀ ਮੰਡੀ ਵਿਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ | ਮੰਡੀਆਂ ਵਿਚ ਸਾਫ-ਸਫਾਈ ਦੀ ਹਾਲਤ ਵੀ ਸੰਤੋਸ਼ਜਨਕ ਨਹੀਂ ਤੇ ਲਾਈਟਾਂ ਦੇ ਪ੍ਰਬੰਧ ਵੀ ਅਧੂਰੇ ਹਨ | ਕਿਸਾਨਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਖ਼ਰੀਦ ਪ੍ਰਕਿਰਿਆ ਸ਼ੁਰੂ ਕਰਵਾਈ ਜਾਵੇ ਤੇ ਮੰਡੀਆਂ ਵਿਚ ਤਰਪਾਲ, ਸੁਰੱਖਿਆ ਤੇ ਰੌਸ਼ਨੀ ਦੇ ਪੂਰੇ ਪ੍ਰਬੰਧ ਕੀਤੇ ਜਾਣ ਤਾਂ ਜੋ ਉਨ੍ਹਾਂ ਦੀ ਫ਼ਸਲ ਸੁਰੱਖਿਅਤ ਰਹੇ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਝੱਲਣਾ ਪਵੇ |