ਮੋਗਾ, 12 ਅਪ੍ਰੈਲ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੋਗਾ ਦੇ ਪਿੰਡ ਸਿੰਘਾਂਵਾਲਾ ਵਿਖੇ ਅੱਜ ਈਰਾਨ ਦੇ ਸੁਪਰੀਮ ਧਾਰਮਿਕ ਆਗੂ ਅਲੀ ਖੋਮੈਣੀ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ | ਉਨ੍ਹਾਂ ਨਮਿਤ ਗੁਰਦੁਆਰਾ ਭਾਈ ਮੋਹਰ ਸਿੰਘ ਸਿੰਘਾਂਵਾਲਾ ਵਿਖੇ ਉਨ੍ਹਾਂ ਦੀ ਯਾਦ ਤੇ ਈਰਾਨ ਵਿਚ ਮਾਰੀਆਂ ਗਈਆਂ ਸਕੂਲ ਬੱਚੀਆਂ ਨਮਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਰਾਗੀ ਸਿੰਘਾਂ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਤੇ ਮਿ੍ਤਕ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਗਈ | ਇਸ ਮੌਕੇ ਪਿੰਡ ਦੇ ਪਤਵੰਤੇ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੀਰਥ ਸਿੰਘ ਕਾਲਾ ਸਰਪੰਚ, ਗੁਰਚਰਨ ਸਿੰਘ ਪ੍ਰਧਾਨ, ਪਾਲ ਸਿੰਘ ਮੈਂਬਰ, ਵੈਦ ਰਜਿੰਦਰ ਅਰੋੜਾ, ਐਡਵੋਕੇਟ ਸੁਖਦੇਵ ਸਿੰਘ ਏ.ਡੀ.ਓ., ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਬਰਜਿੰਦਰ ਸਿੰਘ, ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਪਿੰਡ ਸਿੰਘਾਂਵਾਲਾ ਦੀ ਸਮੁੱਚੀ ਸੰਗਤ ਵਲੋਂ ਈਰਾਨ ਦੇ ਸੁਪਰੀਮ ਧਾਰਮਿਕ ਆਗੂ ਅਲੀ ਖੋਮੈਣੀ ਤੇ ਲੜਾਈ ਦੌਰਾਨ ਮਾਰੀਆਂ ਗਈਆਂ ਸਕੂਲ ਦੀਆਂ ਬੱਚੀਆਂ ਨਮਿਤ ਧਾਰਮਿਕ ਸਮਾਗਮ ਕੀਤਾ ਗਿਆ ਜਿਸ 'ਚ ਉਨ੍ਹਾਂ ਦੀ ਸ਼ਹਾਦਤ ਨੂੰ ਸਿੱਜਦਾ ਕੀਤਾ ਗਿਆ ਜਿਨ੍ਹਾਂ ਨੇ ਈਨ ਨਾ ਮੰਨਦਿਆਂ ਆਪਣੇ ਦੇਸ਼ ਦੀ ਰੱਖਿਆ ਖ਼ਾਤਰ ਸ਼ਹਾਦਤ ਦਾ ਜਾਮ ਪੀਤਾ |