ਮੋਗਾ, 13 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਮੋਗਾ ਸ਼ਹਿਰ ਦਾ ਜੰਮਪਲ ਨੌਜਵਾਨ ਰੰਗਕਰਮੀ ਬਿਕਰਮਜੀਤ ਸਿੰਘ ਲੋਧਰਾ ਨੇ ਕੈਨੇਡਾ ਦੀ ਧਰਤੀ 'ਤੇ ਰੰਗ ਮੰਚ ਰਾਹੀਂ ਆਪਣੀ ਵੱਖਰੀ ਪਹਿਚਾਣ ਬਣਾ ਕੇ ਹਰਮਨ ਪਿਆਰਤਾ ਹੀ ਨਹੀਂ ਬਟੋਰ ਰਿਹਾ, ਸਗੋਂ ਉਸ ਨੇ ਰੰਗ ਮੰਚ ਦੀ ਦੁਨੀਆਂ ਰਾਹੀ ਮੋਗਾ ਸ਼ਹਿਰ ਦਾ ਨਾਮ ਵੀ ਉੱਚਾ ਕੀਤਾ ਹੈ | ਕੈਨੇਡਾ ਦੇ ਵਾਲ ਸਟਰੀਟ ਸਕੂਲ ਦੇ ਥੀਏਟਰ ਹਾਲ ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਮੰਚ ਵਲੋਂ ਕਰਵਾਏ ਸਮਾਗਮ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਦੀ ਲਾਸਾਨੀ ਸ਼ਹਾਦਤ ਨਾਲ ਸਬੰਧਿਤ ਨਾਟਕ ਛਿਪਣ ਤੋਂ ਪਹਿਲਾਂ ਦੀ ਕੀਤੀ ਗਈ ਪੇਸ਼ਕਾਰੀ ਨੇ ਕੈਨੇਡਾ ਵਾਸੀਆਂ ਦੇ ਦਿਲ ਲੁੱਟ ਲਏ | ਦਵਿੰਦਰ ਦਮਨ ਦੇ ਲਿਖੇ ਨਾਟਕ ਨੂੰ ਨਿਰਦੇਸ਼ਤ ਕੀਤਾ ਬਿਕਰਮਜੀਤ ਸਿੰਘ ਲੋਧਰਾ ਨੇ ਜਿਸ ਨਾਲ ਦਮਦਾਰ ਨਿਰਦੇਸ਼ਨਾ ਰਾਹੀਂ ਉਹ ਇਕ ਸਫਲ ਰੰਗ ਕਰਮੀਆਂ ਦੀ ਕਤਾਰ ਵਿਚ ਜਾ ਖੜ੍ਹਾ ਹੋਇਆ ਹੈ, ਜੋ ਮੋਗਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ |