ਬਾਘਾ ਪੁਰਾਣਾ, 14 ਅਪ੍ਰੈਲ (ਟਿੰਕੂ ਕਾਠਪਾਲ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਜੌਰਡਨ ਕਾਨਵੈਂਟ ਸਕੂਲ ਬਾਘਾ ਪੁਰਾਣਾ 'ਚ ਅੱਜ ਖ਼ੁਸ਼ੀ ਤੇ ਉਤਸ਼ਾਹ ਨਾਲ ਵਿਸਾਖੀ ਮੌਕੇ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ 'ਚ ਸਕੂਲ ਦੇ ਚੇਅਰਮੈਨ ਜਸਪਾਲ ਸਿੰਘ ਸਰਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਛੇਵੀਂ ਜਮਾਤ ਦੇ ਇਕ ਵਿਦਿਆਰਥੀ ਵਲੋਂ ਕੀਤੇ ਗਏ ਪ੍ਰਭਾਵਸ਼ਾਲੀ ਭਾਸ਼ਣ ਨਾਲ ਹੋਈ, ਜਿਸ ਵਿਚ ਉਸ ਨੇ ਵਿਸਾਖੀ ਦੇ ਇਤਿਹਾਸ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਤੋਂ ਬਾਅਦ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਸਟੇਜ ਦੀ ਭੂਮਿਕਾ ਬਖ਼ੂਬੀ ਨਿਭਾਈ ਤੇ ਪੂਰੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਇਆ | ਸੱਭਿਆਚਾਰਕ ਪ੍ਰੋਗਰਾਮ ਦੌਰਾਨ ਬੱਚਿਆਂ ਵਲੋਂ ਵੱਖ-ਵੱਖ ਰੰਗਾ-ਰੰਗ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ 'ਚ ਧਾਰਮਿਕ ਗੀਤ, ਕਵਿਤਾਵਾਂ, ਗਿੱਧਾ ਤੇ ਭੰਗੜਾ ਖ਼ਾਸ ਆਕਰਸ਼ਨ ਦਾ ਕੇਂਦਰ ਰਹੇ | ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਤੇ ਸਾਰੇ ਹਾਜ਼ਰੀਨ ਵਲੋਂ ਉਨ੍ਹਾਂ ਦੀ ਖੂਬ ਪ੍ਰਸ਼ੰਸਾ ਕੀਤੀ ਗਈ | ਇਸ ਮੌਕੇ ਪੰਜਾਬੀ ਅਧਿਆਪਕਾ ਮੈਡਮ ਗੁਲਬਿੰਦਰ ਕੌਰ ਨੇ ਆਪਣੀ ਕਵਿਤਾ ਰਾਹੀਂ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਨੂੰ ਰੌਸ਼ਨ ਕੀਤਾ | ਇਸ ਤੋਂ ਇਲਾਵਾ ਅਧਿਆਪਕ ਬਿਨੋਦ ਐਨ ਤੇ ਖ਼ੁਸ਼ਬੂ ਮਿਸ਼ਰਾ ਨੇ ਆਪਣੇ ਭਾਸ਼ਣਾਂ ਰਾਹੀਂ ਵਿਸਾਖੀ ਦੇ ਇਤਿਹਾਸਕ ਤੇ ਧਾਰਮਿਕ ਪੱਖਾਂ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ | ਪ੍ਰੋਗਰਾਮ ਦੇ ਅੰਤ 'ਚ ਸਕੂਲ ਦੀ ਪਿ੍ੰਸੀਪਲ ਸੁਧਾ ਕੇ.ਆਰ. ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਸਮਾਗਮ ਦਾ ਸਮਾਪਨ ਖ਼ੁਸ਼ੀ ਤੇ ਉਤਸ਼ਾਹ ਦੇ ਮਾਹੌਲ ਵਿਚ ਹੋਇਆ, ਜਿਸ ਨੇ ਸਾਰੇ ਹਾਜ਼ਰੀਨ ਦੇ ਦਿਲਾਂ ਵਿਚ ਵਿਸਾਖੀ ਦੀ ਖ਼ੁਸ਼ੀ ਨੂੰ ਹੋਰ ਵਧਾ ਦਿੱਤਾ |