ਕਿਸ਼ਨਪੁਰਾ ਕਲਾਂ, 15 ਅਪ੍ਰੈਲ (ਅਮੋਲਕ ਸਿੰਘ ਕਲਸੀ)-ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਦੁਆਰਾ ਚਲਾਈ ਗਈ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਦੇ ਵਿਦਿਆਰਥੀਆਂ ਨੇ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੱਚਿਆ ਦੇ ਧਾਰਮਿਕ ਪ੍ਰੀਖਿਆ ਤੇ ਦਸਤਾਰ ਮੁਕਾਬਲੇ 'ਚ ਵੱਧ ਚੜ੍ਹ ਕੇ ਹਿੱਸਾ ਲਿਆ | ਇਹ ਮੁਕਾਬਲੇ ਡਾ. ਕਾਰਜ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਪਿੰਡ ਇੰਦਰਗੜ੍ਹ ਦੇ ਗੁਰਦੁਆਰੇ ਸਾਹਿਬ ਵਿਚ ਕਰਵਾਏ ਗਏ | ਜਿਸ 'ਚ ਗੁਰਬਾਣੀ ਕੰਠ ਮੁਕਾਬਲੇ, ਪੰਜਵੀਂ ਤੋਂ ਅੱਠਵੀਂ ਦੇ ਪਹਿਲੇ ਵਰਗ ਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਦੂਜੇ ਵਰਗ ਦੀ ਲਿਖਤੀ ਪ੍ਰੀਖਿਆ ਲਈ ਗਈ | ਗੁਰਬਾਣੀ ਕੰਠ 'ਚ ਹਰਸੀਰਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਪਹਿਲੇ ਵਰਗ 'ਚੋਂ ਐਸ਼ਲੀਨ ਕੌਰ ਨੇ ਪਹਿਲਾ, ਗੁਰਸਾਜ ਸਿੰਘ ਨੇ ਦੂਜਾ ਤੇ ਸੁਖਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਦੂਜੇ ਵਰਗ 'ਚੋਂ ਜਪਜੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ | ਇਸ ਸਮੇਂ ਸਕੂਲ ਦੇ ਚੇਅਰਮੈਨ ਜਸਵੰਤ ਸਿੰਘ ਭੁੱਲਰ, ਜਨਰਲ ਸਕੱਤਰ ਪ੍ਰਭਜੋਤ ਸਿੰਘ ਭੁੱਲਰ ਤੇ ਪਿ੍ੰਸੀਪਲ ਮੈਡਮ ਮਨਦੀਪ ਕੌਰ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸੇ ਤਰ੍ਹਾਂ ਆਪਣੀ ਮਿਹਨਤ ਨੂੰ ਜਾਰੀ ਰੱਖਣਾ ਹੈ ਤੇ ਸਿੱਖੀ ਨੂੰ ਬਰਕਰਾਰ ਰੱਖਣਾ ਹੈ | ਇਸ ਪੇਪਰ ਦੀ ਤਿਆਰੀ ਗੁਰਬਾਣੀ ਅਧਿਆਪਕ ਗੁਰਮੀਤ ਕੌਰ ਵਲੋਂ ਕਰਵਾਈ ਗਈ | ਅੰਤ ਚ ਚੇਅਰਮੈਨ ਜਸਵੰਤ ਸਿੰਘ ਭੁੱਲਰ, ਜਨਰਲ ਸਕੱਤਰ ਪ੍ਰਭਜੋਤ ਸਿੰਘ ਭੁੱਲਰ ਤੇ ਪਿ੍ੰਸੀਪਲ ਮਨਦੀਪ ਕੌਰ ਵਲੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ |