ਸਮਾਲਸਰ, 16 ਅਪ੍ਰੈਲ (ਗੁਰਜੰਟ ਕਲਸੀ ਲੰਡੇ)-ਪਿਛਲੇ ਦਿਨੀਂ ਪੰਜਾਬ ਦੇ ਮੋਗਾ, ਜਗਰਾਉਂ ਤੇ ਹੋਰ ਥਾਵਾਂ ਤੋਂ ਵਰਿੰਦਾਵਨ ਵਿਖੇ ਧਾਰਮਿਕ ਸਥਾਨ ਗਈ ਸੰਗਤ ਦੀ ਕਿਸ਼ਤੀ ਪਲਟਣ ਕਾਰਨ ਹੋਈਆਂ ਅਨੇਕਾਂ ਮੌਤਾਂ 'ਤੇ ਇੱਥੋਂ ਦੇ ਸੀਨੀਅਰ ਅਕਾਲੀ ਆਗੂ ਗੁਰਬਚਨ ਸਿੰਘ ਸਾਬਕਾ ਸਰਪੰਚ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਮਹਿਜ਼ ਇਕ ਕੁਦਰਤੀ ਹਾਦਸਾ ਨਹੀਂ ਸਗੋਂ ਮਨੁੱਖ ਦੀ ਗਲਤੀ ਕਾਰਨ ਇੰਨੇ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਹਨ | ਇਸ ਹਾਦਸੇ ਕਾਰਨ ਲੋਕਾਂ ਦੇ ਮਨਾਂ 'ਤੇ ਕਿੰਨੀ ਡੂੰਘੀ ਸੱਟ ਵੱਜੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਧੱਕਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਜੇਕਰ ਇਹ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਹੀਂ ਹੁੰਦੀ ਤਾਂ ਇਹੋ ਜਿਹੇ ਲੋਕ ਹੋਰ ਧਾਰਮਿਕ ਸਥਾਨਾਂ 'ਤੇ ਵੀ ਖਿਲਵਾੜ ਕਰਕੇ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਸਕਦੇ ਹਨ |