ਅਜੀਤਵਾਲ, 16 ਅਪ੍ਰੈਲ (ਹਰਦੇਵ ਸਿੰਘ ਮਾਨ)-ਕਟਕ (ਉੜੀਸਾ) ਵਿਖੇ ਹੋਈ ਪਹਿਲੀ ਆਲ ਇੰਡੀਆ ਇਨਡੋਰ ਰੋਇੰਗ ਚੈਂਪੀਅਨਸ਼ਿਪ 'ਚ 25 ਰਾਜਾਂ ਤੋਂ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ | ਇਸ ਵਿਚ ਪੰਜਾਬ ਐਮੀਚਿਊਰ ਰੋਇੰਗ ਐਸੋਸੀਏਸ਼ਨ ਦੇ 5 ਖਿਡਾਰੀਆਂ ਨੇ ਭਾਗ ਲਿਆ | ਜਿਨ੍ਹਾਂ ਵਿੱਚ ਢੁੱਡੀਕੇ ਰੋਇੰਗ ਐਂਡ ਵਾਟਰ ਸਪੋਰਟਸ ਕਲੱਬ ਦੇ ਖਿਡਾਰੀਆਂ ਵਿਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਦੋਕੇ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਪ੍ਰਭਜੋਤ ਕੌਰ ਸਰਾਂ ਪੁੱਤਰੀ ਗੁਰਦਿਆਲ ਸਿੰਘ ਢੁੱਡੀਕੇ ਨੇ ਅੰਡਰ-17 ਮਿਕਸ ਰਿਲੇਅ 2 ਹਜ਼ਾਰ ਮੀਟਰ ਦੇ ਮੁਕਾਬਲਿਆਂ ਵਿਚ ਕਾਂਸੀ ਮੈਡਲ ਜਿੱਤ ਕੇ ਆਪਣੇ ਸਕੂਲ, ਕਲੱਬ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਸ਼ਾਨਦਾਰ ਜਿੱਤ ਉਪਰੰਤ ਵਾਪਸ ਆਉਣ 'ਤੇ ਸਕੂਲ ਪਿ੍ੰਸੀਪਲ ਪਰਵਿੰਦਰ ਕੌਰ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਬੱਚੀ ਪੜ੍ਹਾਈ ਅਤੇ ਹੋਰ ਸਕੂਲ ਗਤੀਵਿਧੀਆਂ ਵਿਚ ਤਾਂ ਅੱਵਲ ਰਹਿੰਦੀ ਹੈ ਤੇ ਇਸ ਸ਼ਾਨਦਾਰ ਪ੍ਰਾਪਤੀ ਨਾਲ ਉਸ ਨੇ ਆਪਣੀ ਕਾਬਲੀਅਤ ਨੂੰ ਹੋਰ ਵੱਡਾ ਕੀਤਾ ਹੈ | ਸਮੂਹ ਸਟਾਫ ਨੇ ਮੁਬਾਰਕਬਾਦ ਦਿੰਦਿਆਂ ਪ੍ਰਭਜੋਤ ਕੌਰ ਦਾ ਭਰਵਾਂ ਸਵਾਗਤ ਕੀਤਾ | ਖਿਡਾਰਨ ਪ੍ਰਭਜੋਤ ਕੌਰ ਨੇ ਕਿਹਾ ਕਿ ਉਸ ਨੂੰ ਆਪਣੇ ਸਕੂਲ ਪਿ੍ੰਸੀਪਲ ਤੇ ਸਮੂਹ ਸਟਾਫ ਨੇ ਸਮੇਂ-ਸਮੇਂ 'ਤੇ ਪੂਰਾ ਸਹਿਯੋਗ ਦਿੰਦਿਆਂ ਉਤਸ਼ਾਹਿਤ ਕੀਤਾ | ਇਸ ਜਿੱਤ 'ਚ ਕੋਚ ਜਸਵੀਰ ਸਿੰਘ ਗਿੱਲ, ਮੈਡਮ ਜਸਮਿੰਦਰ ਕੌਰ ਦਾ ਵੱਡਾ ਅਸ਼ੀਰਵਾਦ ਤੇ ਖਿਡਾਰੀਆਂ ਲਈ ਕੀਤੀ ਜਾਂਦੀ ਸਖਤ ਮਿਹਨਤ ਸ਼ਾਮਿਲ ਹੈ ਜਿਸ ਦੀ ਬਦੌਲਤ ਢੁੱਡੀਕੇ ਰੋਇੰਗ ਕਲੱਬ ਵੱਡੀਆਂ ਪ੍ਰਾਪਤੀਆਂ ਕਰ ਰਿਹਾ ਹੈ | ਇਸ ਮੌਕੇ ਪਿ੍ੰਸੀਪਲ ਪਰਵਿੰਦਰ ਕੌਰ, ਸੁਖਮੰਦਰ ਸਿੰਘ, ਹਰਤੇਜ ਸਿੰਘ, ਹਰਜੀਤ ਕੌਰ, ਬਲਜੀਤ ਕੌਰ, ਹਰਦੀਪ ਕੌਰ, ਪ੍ਰਦੀਪ ਕੌਰ, ਹਰਮਨਦੀਪ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਰਿਹਾ |