ਮੋਗਾ, 21 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਸਟੇਟ ਇੰਟਰ ਡਿਸਟਿ੍ਕਟ ਅੰਡਰ-16 ਟੂਰਨਾਮੈਂਟ 2026-27 ਵਿਚ ਮੋਗਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਜਿੱਤਾਂ ਨਾਲ ਪੁਆਇੰਟ ਟੇਬਲ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ | ਮੋਗਾ ਨੇ ਮੁਕਤਸਰ, ਬਠਿੰਡਾ, ਫ਼ਿਰੋਜ਼ਪੁਰ ਤੇ ਫ਼ਰੀਦਕੋਟ ਵਰਗੀਆਂ ਟੀਮਾਂ ਨੂੰ ਹਰਾ ਕੇ ਆਪਣੀ ਚੜ੍ਹਤ ਬਰਕਰਾਰ ਰੱਖੀ | ਤਾਜ਼ਾ ਮੈਚ 'ਚ ਫ਼ਿਰੋਜ਼ਪੁਰ ਖ਼ਿਲਾਫ਼ ਖੇਡਦੇ ਹੋਏ ਮੋਗਾ ਨੇ ਪਹਿਲਾਂ ਬੈਟਿੰਗ ਕਰਦਿਆਂ 309 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ | ਇਸ 'ਚ ਜਗਨੂਰ ਸਿੰਘ ਨੇ ਸ਼ਾਨਦਾਰ 156 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਟੀਮ ਨੂੰ ਮਜ਼ਬੂਤ ਬੁਨਿਆਦ ਮਿਲੀ | ਕੇਸ਼ਵ ਸ਼ਰਮਾ ਤੇ ਗਾਵਿਨ ਕੋਹਲੀ ਨੇ ਵੀ ਮਹੱਤਵਪੂਰਨ ਯੋਗਦਾਨ ਪਾਇਆ | ਫ਼ਿਰੋਜ਼ਪੁਰ ਦੀ ਟੀਮ ਪਹਿਲੀ ਪਾਰੀ 'ਚ 158 ਦੌੜਾਂ 'ਤੇ ਆਊਟ ਹੋ ਗਈ | ਮੋਗਾ ਵਲੋਂ ਗੇਂਦਬਾਜ਼ੀ 'ਚ ਗਾਵਿਨ ਕੋਹਲੀ ਤੇ ਜੈ ਆਦਿਤਿਆ ਟਾਂਗਰੀ ਨੇ 4-4 ਵਿਕਟਾਂ ਹਾਸਲ ਕਰਕੇ ਟੀਮ ਨੂੰ ਵੱਡੀ ਬੜ੍ਹਤ ਦਿਵਾਈ | ਦੂਜੀ ਪਾਰੀ 'ਚ ਫ਼ਿਰੋਜ਼ਪੁਰ ਨੇ 97/2 ਦੌੜਾਂ ਬਣਾਈਆਂ, ਪਰ ਸਮਾਂ ਘੱਟ ਹੋਣ ਕਾਰਨ ਮੈਚ ਡਰਾਅ ਰਿਹਾ | ਫਿਰ ਵੀ ਮੋਗਾ ਨੇ ਪਹਿਲੀ ਪਾਰੀ ਦੀ ਬੜ੍ਹਤ ਨਾਲ ਮੈਚ 'ਤੇ ਆਪਣਾ ਦਬਦਬਾ ਕਾਇਮ ਰੱਖਿਆ | ਮੋਗਾ ਦੀ ਟੀਮ ਦਾ ਇਹ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਟੀਮ ਹਰ ਮੈਚ 'ਚ ਸੰਤੁਲਿਤ ਖੇਡ ਦਿਖਾ ਰਹੀ ਹੈ | ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਮੋਗਾ ਹੁਣ ਪੁਆਇੰਟ ਟੇਬਲ ਵਿਚ 12 ਅੰਕਾਂ ਨਾਲ ਸਿਖਰ 'ਤੇ ਹੈ ਅਤੇ ਟੂਰਨਾਮੈਂਟ ਦੀ ਮਜ਼ਬੂਤ ਦਾਅਵੇਦਾਰ ਬਣ ਚੁੱਕੀ ਹੈ | ਇਸ ਮੌਕੇ ਪੈਟਰਨ ਡਾ. ਸੰਜੀਵ ਕੁਮਾਰ ਸੈਣੀ, ਪ੍ਰਧਾਨ ਰਵਿੰਦਰ ਸਿੰਘ, ਪ੍ਰਦੀਪ ਮੋਂਗਾ, ਸਨੀ ਮਨਚੰਦਾ, ਕੋਚ ਕਪਿਲ ਦੇਵ, ਹਰਸਿਮਰਨ ਸਿੰਘ ਤੇ ਮੋਹਨ ਸੁੰਦਰ ਦਾਸ ਆਦਿ ਮੌਜੂਦ ਸਨ | ਸੀਨੀਅਰ ਕਿ੍ਕਟ ਕਲੱਬ ਦੇ ਚੇਅਰਮੈਨ ਆਰ.ਕੇ. ਜਿੰਦਲ, ਪ੍ਰਧਾਨ ਵਿਨੈ ਗੁਪਤਾ, ਸੈਕਟਰੀ ਡਾ. ਸ਼ਮਸ਼ੇਰ ਸਿੰਘ ਸਿੱਧੂ, ਹਰਵਿੰਦਰ ਕੁਮਾਰ ਲਾਲਾ ਆਦਿ ਨੇ ਖਿਡਾਰੀਆਂ ਨੂੰ ਆਉਣ ਵਾਲੇ ਮੈਚਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ |