ਧਰਮਕੋਟ, 21 ਅਪ੍ਰੈਲ (ਪਰਮਜੀਤ ਸਿੰਘ)-ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਜਲਾਲਾਬਾਦ ਪੂਰਬੀ ਦੇ ਨੈਸ਼ਨਲ ਸਰਵਿਸ ਸਕੀਮ ਦੇ ਵਲੰਟੀਅਰਜ਼ ਵਲੋਂ 100 ਦਿਨਾਂ ਟੀ.ਬੀ. ਮੁਕਤ ਅਭਿਆਨ ਤਹਿਤ ਇਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦੇਸ਼ ਨਸ਼ਾ ਮੁਕਤ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਬਾਰੇ ਜਾਗਰੂਕਤਾ ਫੈਲਾਉਣਾ ਸੀ | ਰੈਲੀ 'ਚ ਪ੍ਰਬੰਧਕ, ਅਧਿਆਪਕ ਤੇ ਸਥਾਨਕ ਲੋਕ ਸਰਗਰਮ ਭਾਗੀਦਾਰ ਬਣੇ, ਜਿਸ ਦਾ ਮਕਸਦ ਨਸ਼ੇ ਦੇ ਵਿਰੁੱਧ ਸੰਦੇਸ਼ ਫੈਲਾਉਣਾ ਸੀ | ਰੈਲੀ ਦੌਰਾਨ ਨਾਅਰਿਆਂ ਵਾਲੇ ਬੈਨਰ ਲੈ ਕੇ ਐਨ.ਐਸ.ਐਸ. ਵਲੰਟੀਅਰਜ਼ ਨੇ ਸ਼ਹਿਰ ਦੇ ਮੁੱਖ ਖੇਤਰਾਂ ਵਿਚ ਮਾਰਚ ਕੀਤਾ ਤੇ ਨਸ਼ਿਆਂ ਤੋਂ ਦੂਰ ਰਹਿਣ ਤੇ ਸਕਾਰਾਤਮਿਕ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ | ਰੈਲੀ 'ਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੇ ਪਰਿਵਾਰ ਤੇ ਸਮਾਜ 'ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ | ਇਸ ਮੌਕੇ ਪਿ੍ੰਸੀਪਲ ਇੰਚਾਰਜ ਡਾ. ਮਧੂ ਸ਼ਰਮਾ ਨੇ ਇਕ ਮਜ਼ਬੂਤ ਤੇ ਸਿਹਤਮੰਦ ਰਾਸ਼ਟਰ ਦੇ ਨਿਰਮਾਣ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ | ਰੈਲੀ ਦੀ ਸਮਾਪਤੀ ਸਾਰੇ ਭਾਗੀਦਾਰਾਂ ਵਲੋਂ ਟੀ.ਬੀ. ਮੁਕਤ ਅਭਿਆਨ ਤਹਿਤ ਸਰਗਰਮ ਭਾਗੀਦਾਰੀ ਦੇ ਪ੍ਰਣ ਨਾਲ ਹੋਈ | ਇਸ ਮੌਕੇ ਕਾਲਜ ਦੇ ਐਨ.ਐਸ.ਐਸ. ਅਧਿਕਾਰੀ ਬਲਵਿੰਦਰ ਕੌਰ ਤੇ ਕਾਲਜ ਸਟਾਫ਼ ਹਾਜ਼ਰ ਸੀ |