ਮੋਗਾ, 23 ਅਪ੍ਰੈਲ (ਅਸ਼ੋਕ ਬਾਂਸਲ)-ਅੱਜ ਮੋਗਾ ਦੀ ਦਾਣਾ ਮੰਡੀ ਵਿਖੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਨੇ ਮੋਗਾ ਮੰਡੀ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਪਨਸਪ ਦੇ ਡੀ.ਐਮ. ਮਨਪ੍ਰੀਤ ਸਿੰਘ, ਮਾਰਕਫੈੱਡ ਦੇ ਡੀ.ਐਮ. ਸਚਿਨ ਗਰਗ, ਜ਼ਿਲ੍ਹਾ ਮੰਡੀ ਅਫਸਰ ਜਸਮੀਤ ਸਿੰਘ, ਮਾਰਕੀਟ ਕਮੇਟੀ ਸਕੱਤਰ ਜਸਪ੍ਰੀਤ ਸਿੰਘ, ਪਨਗਰੇਨ ਦੇ ਇੰਸਪੈਕਟਰ ਜਗਦੀਪ ਸਿੰਘ ਧਾਲੀਵਾਲ, ਮਾਰਕਫੈੱਡ ਦੇ ਮੈਨੇਜਰ ਹਰਮਨਜਿੰਦਰ ਸਿੰਘ ਤੇ ਹੋਰ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ | ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੋਗਾ ਜ਼ਿਲੇ੍ਹ ਦੇ ਵੱਖ-ਵੱਖ ਖਰੀਦ ਕੇਂਦਰਾਂ ਵਿਚ ਖਰੀਦ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਆਪਣੇ ਖੇਤਾਂ 'ਚੋਂ ਕਣਕ ਦੀ ਕਟਾਈ ਕਰ ਲਈ ਗਈ ਹੈ ਜੇਕਰ ਉਹ ਘਰੇ ਕਣਕ ਲੈ ਕੇ ਗਏ ਹਨ ਤਾਂ ਉਹ ਹੌਲੀ ਹੌਲੀ ਕਰਕੇ ਮੰਡੀਆਂ ਵਿਚ ਆ ਜਾਵੇਗੀ | ਇਸ ਮੌਕੇ ਆੜ੍ਹਤੀਆਂ ਵਲੋਂ ਦੱਸਿਆ ਗਿਆ ਕਿ ਮੋਗਾ ਮੰਡੀ ਅੰਦਰ ਲਗਭਗ 7 ਲੱਖ ਬੋਰੀ ਆਈ ਹੈ ਜਿਸ ਵਿਚੋਂ ਸਵਾ ਲੱਖ ਬੋਰੀ ਦੇ ਕਰੀਬ ਹੀ ਮੰਡੀ ਵਿਚੋਂ ਚੁੱਕੀ ਗਈ ਹੈ ਜਿਸ ਕਾਰਨ ਮੰਡੀ ਵਿਚ ਹੋਰ ਕਣਕ ਉਤਾਰਨ ਲਈ ਜਗ੍ਹਾ ਨਹੀਂ ਬਚੀ | ਜਿਸ 'ਤੇ ਉਨ੍ਹਾਂ ਕਿਹਾ ਕਿ ਅਡਾਨੀ ਸਾਈਲੋ ਪਲਾਂਟ ਵਿਖੇ ਇਕ ਲੱਖ ਮੀਟਿੰਗ ਟਨ ਕਣਕ ਦਾ ਸਟੋਰ ਕੀਤਾ ਜਾਣਾ ਹੈ ਜਿੱਥੇ ਲੇਬਰ ਦੀ ਘਾਟ ਹੋਣ ਕਾਰਨ ਅਜੇ ਤੱਕ 6400 ਮੀਟਰ ਟਨ ਤੱਕ ਹੀ ਸਟੋਰ ਕੀਤਾ ਜਾ ਸਕਿਆ ਹੈ ਜਿਸ ਕਾਰਨ ਮੰਡੀਆਂ ਵਿਚ ਕਣਕ ਦੀਆਂ ਭਰੀਆਂ ਬੋਰੀਆਂ ਪਈਆਂ ਹਨ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਮੰਡੀਆਂ ਵਿਚੋਂ ਚੁਕਾਈ ਦੇ ਕੰਮ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ | ਉਨ੍ਹਾਂ ਦੱਸਿਆ ਕੀ ਜ਼ਿਲ੍ਹਾ ਮੋਗਾ ਦੀਆਂ ਮੰਡੀਆਂ ਵਿਚ ਹੁਣ ਤੱਕ ਚਾਰ ਲੱਖ 30 ਹਜ਼ਾਰ 252 ਮੀਟਰਿਕ ਟਨ ਕਣਕ ਆ ਚੁੱਕੀ ਹੈ ਜਿਸ ਵਿਚੋਂ 3 ਲੱਖ 77 ਹਜ਼ਾਰ 913 ਮੀਟਰਿਕ ਟਨ ਖਰੀਦ ਕੀਤੀ ਜਾ ਚੁੱਕੀ ਹੈ ਤੇ ਬਾਕੀ ਰਹਿੰਦੀ ਕਣਕ ਵੀ ਇਕ ਦੋ ਦਿਨਾਂ ਵਿਚ ਖਰੀਦ ਕਰ ਲਈ ਜਾਵੇਗੀ | ਇਸ ਮੌਕੇ ਮਾਰਕੀਟ ਕਮੇਟੀ ਸੁਪਰਵਾਈਜ਼ਰ ਨਿਰਮਲ ਸਿੰਘ, ਸੁਪਰਵਾਈਜ਼ਰ ਬਲਵੰਤ ਸਿੰਘ, ਜਗਰੂਪ ਸਿੰਘ ਬੋਹਨਾ, ਇੰਸਪੈਕਟਰ ਪਨਗ੍ਰੇਨ ਦੇ ਗੁਰਪ੍ਰੀਤ ਸਿੰਘ ਪਨਸਪ ਦੇ ਇੰਸਪੈਕਟਰ ਨਵੀਨ ਸ਼ਰਮਾ ਤੋਂ ਇਲਾਵਾ ਆੜ੍ਹਤੀਏ ਹਾਜ਼ਰ ਸਨ |