ਬੱਧਨੀ ਕਲਾਂ, 24 ਅਪ੍ਰੈਲ (ਸੰਜੀਵ ਕੋਛੜ)-ਬੇਅਦਬੀ ਰੋਕਣ ਸਬੰਧੀ ਪੰਜਾਬ ਸਰਕਾਰ ਵਲੋਂ ਬਣਾਏ ਗਏ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ | ਇਸ ਕਾਨੂੰਨ ਨਾਲ ਬੇਅਦਬੀ ਕਰਨ ਦੇ ਦੋਸ਼ੀਆਂ ਨੂੰ ਜਿੱਥੇ ਉਮਰ ਕੈਦ ਵਰਗੀਆਂ ਸਖਤ ਸਜਾਵਾਂ ਮਿਲਣਗੀਆਂ ਉੱਥੇ ਹੀ ਗੰਦੀ ਸੋਚ ਰੱਖਣ ਵਾਲੇ ਵਿਅਕਤੀ ਅਜਿਹਾ ਕਰਨ ਤੋਂ ਪਹਿਲਾਂ ਲੱਖ ਵਾਰ ਸੋਚਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਨਗਰ ਪੰਚਾਇਤ ਬੱਧਨੀ ਕਲਾਂ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ ਦੇ ਦਫਤਰ 'ਚ ਸ਼ਹਿਰ ਵਾਸੀਆਂ, ਪਤਵੰਤੇ ਸੱਜਣਾਂ ਅਤੇ ਬਲਾਕ ਪ੍ਰਧਾਨਾਂ ਨਾਲ ਅਹਿਮ ਮੀਟਿੰਗ ਕਰਦਿਆਂ ਕੀਤਾ | ਉਨ੍ਹਾਂ ਪੁਲਿਸ ਪ੍ਰਸ਼ਾਸਨ ਸਬੰਧੀ, ਨਗਰ ਪੰਚਾਇਤ, ਬਿਜਲੀ ਦਫਤਰ, ਰੈਵੀਨਿਊ ਡਿਪਾਰਟਮੈਂਟ ਆਦਿ ਸਬੰਧੀ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਦਿਆਂ ਕੁਝ ਕੁ ਦਾ ਮੌਕੇ 'ਤੇ ਹੱਲ ਕੀਤਾ ਅਤੇ ਬਾਕੀ ਰਹਿੰਦੀਆਂ ਮੁਸ਼ਕਲਾਂ ਦੇ ਜਲਦ ਹੱਲ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ | ਇਸ ਸਮੇਂ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ-ਸ਼ਹਿਰਾਂ 'ਚ ਹਰ ਤਰਾਂ ਦੇ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾ ਰਿਹਾ ਹੈ | ਵੱਡੀ ਪੱਧਰ 'ਤੇ ਸੂਬਾ ਸਰਕਾਰ ਵਲੋਂ ਭੇਜੀਆਂ ਜਾ ਰਹੀਆਂ ਗਰਾਂਟਾਂ ਨਾਲ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲੀ ਜਾ ਰਹੀ ਹੈ | ਸ਼ਹਿਰਾਂ ਨੂੰ ਪਿੰਡਾਂ ਨਾਲ ਜੋੜਦੀਆਂ ਲਿੰਕ ਸੜਕਾਂ ਦਾ ਕੰਮ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਸ ਸਮੇਂ ਪ੍ਰਧਾਨ ਜਗਜੀਤ ਸਿੰਘ ਦੀਸ਼ਾ ਨੇ ਸਰਕਾਰ ਵਲੋਂ ਸ਼ਹਿਰ ਦੇ ਵਿਕਾਸ ਕੰਮਾਂ ਲਈ ਪਾਏ ਯੋਗਦਾਨ ਸਬੰਧੀ ਮੁੱਖ ਮੰਤਰੀ ਪੰਜਾਬ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ | ਬਲਾਕ ਪ੍ਰਧਾਨ ਤੇ ਨੰਬਰਦਾਰ ਅਮਨਦੀਪ ਸਿੰਘ ਸਿੱਧੂ ਨੇ ਸ਼ਹਿਰ 'ਚ ਰਹਿੰਦੇ ਕੰਮਾਂ ਸਬੰਧੀ ਵਿਧਾਇਕ ਨੂੰ ਜਾਣੰੂ ਕਰਵਾਇਆ | ਇਸ ਮੌਕੇ ਹਰਜਿੰਦਰ ਸਿੰਘ ਕੋਕਰੀ ਚੇਅਰਮੈਨ, ਇੰਸਪੈਕਟਰ ਜਸਵਿੰਦਰ ਸਿੰਘ ਭੱਟੀ, ਬਲਵੀਰ ਸਿੰਘ ਚੌਕੀ ਇੰਚਾਰਜ ਲੋਪੋ, ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਅਮਨਦੀਪ ਸਿੰਘ ਸਿੱਧੂ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਰਾਜਪਾਲ ਸਿੰਘ ਰਣੀਆਂ ਸਰਪੰਚ, ਜਗਤਾਰ ਸਿੰਘ ਕੂਨਰ ਸਰਪੰਚ ਬੁੱਟਰ, ਹਰਜੀਤ ਸਿੰਘ ਸਰਪੰਚ ਮੀਨੀਆਂ, ਅਮਰੀਕ ਸਿੰਘ ਲੋਪੋ, ਗੁਰਵਿੰਦਰ ਸਿੰਘ ਰਾਮੂੰਵਾਲਾ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ, ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਅਤੇ ਸ਼ਹਿਰ ਵਾਸੀ ਹਾਜ਼ਰ ਸਨ |