ਮੋਗਾ, 26 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਹਲਕਾ ਮੋਗਾ ਦਿਹਾਤੀ ਦੀ ਮੀਟਿੰਗ ਬੁਲਾਈ ਜਿਸ 'ਚ ਸਾਰੇ ਸਰਕਲ ਪ੍ਰਧਾਨ ਜਿਨ੍ਹਾਂ ਵਿਚ ਹਲਕਾ ਚੜਿੱਕ ਜ਼ੋਨ ਤੋਂ ਗੁਰਬਿੰਦ ਸਿੰਘ ਸਿੰਘਾਂਵਾਲਾ, ਸਰਕਲ ਘੱਲ ਕਲਾਂ ਤੋਂ ਨਰਿੰਦਰ ਸਿੰਘ ਬੁੱਕਣ ਵਾਲਾ, ਸਰਕਲ ਡਰੋਲੀ ਭਾਈ ਤੋਂ ਵਾਈਸ ਸਰਕਲ ਪ੍ਰਧਾਨ ਗੁਰਮੀਤ ਸਿੰਘ ਫ਼ੌਜੀ, ਸਰਕਲ ਖੋਸਾ ਪਾਂਡੋ ਤੋਂ ਬਿਪਨਪਾਲ ਸਿੰਘ ਖੋਸਾ, ਸਰਕਲ ਦੌਲਤਪੁਰਾ ਤੋਂ ਰਵਦੀਪ ਸਿੰਘ ਸੰਘਾ ਦਾਰਾਪੁਰ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸੰਜੀਤ ਸਿੰਘ ਸਨੀ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਦੀ ਉਹ ਖੇਤਰੀ ਪਾਰਟੀ ਹੈ ਜਿਹੜੀ ਹਰ ਸਮੇਂ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਦੇ ਨਾਲ ਖੜ੍ਹੀ ਹੈ ਤੇ ਪਿਛਲੇ ਮਹੀਨਿਆਂ ਵਿਚ ਆਏ ਹੜ੍ਹਾਂ ਦੌਰਾਨ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਪ੍ਰਭਾਵਿਤ ਖੇਤਰਾਂ ਵਿਚ ਆਪ ਜਾ ਕੇ ਪੀੜਤ ਕਿਸਾਨਾਂ ਤੇ ਹੋਰ ਵਰਗਾਂ ਦੀ ਆਰਥਿਕ 'ਤੇ ਹੋਰ ਵਸੀਲਿਆਂ ਨਾਲ ਮਦਦ ਕੀਤੀ, ਉੱਥੇ ਉਨ੍ਹਾਂ ਦੇ ਹੀ ਆਦੇਸ਼ਾਂ 'ਤੇ ਪੂਰੇ ਪੰਜਾਬ ਵਿਚੋਂ ਕਣਕ ਇਕੱਠੀ ਕਰਕੇ ਭੇਜੀ ਗਈ ਅਤੇ ਹੁਣ ਪਿਛਲੇ ਦਿਨਾਂ ਵਿਚ ਪੰਜਾਬ ਦੇ ਕਿਸਾਨਾਂ ਦੀ ਕੋਈ ਦੋ ਲੱਖ ਦੇ ਕਰੀਬ ਏਕੜ ਕਣਕ ਦੀ ਫ਼ਸਲ ਜੋ ਗੜਿਆਂ ਦੀ ਭੇਟ ਚੜ੍ਹ ਕੇ ਤਬਾਹ ਹੋ ਗਈ ਸੀ ਤੇ ਹੁਣ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਗੜੇਮਾਰੀ ਤੋਂ ਪੀੜਤ ਕਿਸਾਨਾਂ ਦੇ ਨਾਲ ਖੜ੍ਹਾ ਹੈ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ 'ਤੇ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਤਬਾਹ ਹੋਈ ਹੈ ਉਨ੍ਹਾਂ ਨੂੰ ਪੂਰੇ ਪੰਜਾਬ 'ਚੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਕਣਕ ਇਕੱਠੀ ਕਰ ਕੇ ਪੀੜਤ ਕਿਸਾਨਾਂ ਦੇ ਕੋਲ ਪੁੱਜਦੀ ਕਰਨਗੇ |