ਨੱਥੂਵਾਲਾ ਗਰਬੀ, 26 ਅਪ੍ਰੈਲ (ਨਵਦੀਪ ਸਿੰਘ)-ਪਿਛਲੇ ਕਈ ਦਿਨਾਂ ਤੋਂ ਪੰਜਾਬ 'ਚ ਪੈ ਰਹੀ ਅੱਤ ਦੀ ਗਰਮੀ ਦੇ ਦੌਰਾਨ ਬਿਜਲੀ ਦੇ ਲਗਾਤਾਰ ਕੱਟਾਂ ਕਾਰਨ ਆਮ ਲੋਕ ਵੀ ਪ੍ਰੇਸ਼ਾਨ ਹੋ ਰਹੇ ਹਨ ਤੇ ਦਾਣਾ ਮੰਡੀਆਂ ਵਿਚ ਆਪਣੀ ਫ਼ਸਲ ਲੈ ਕੇ ਆਏ ਕਿਸਾਨਾਂ ਨੂੰ ਵੀ ਇਨ੍ਹਾਂ ਕੱਟਾਂ ਦੇ ਕਾਰਨ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਵਪ੍ਰੀਤ ਸਿੰਘ ਨੱਥੂਵਾਲਾ ਤੇ ਅਮਰਜੀਤ ਸਿੰਘ ਨੱਥੂਵਾਲਾ ਨੇ ਕਿਹਾ ਕਿ ਇੱਥੇ ਮੰਡੀ 'ਚ ਜਦ ਵੀ ਮਜ਼ਦੂਰ ਵੀਰ ਕਣਕ ਦੀ ਸਾਫ਼ ਸਫ਼ਾਈ ਕਰਨ ਲਈ ਪੱਖਾ ਲਗਾਉਂਦੇ ਹਨ ਤਾਂ ਲਾਈਟ ਦਾ ਕੱਟ ਲੱਗ ਜਾਂਦਾ ਹੈ ਤੇ ਫਿਰ ਸਾਰਾ ਸਾਰਾ ਦਿਨ ਹੀ ਬਿਜਲੀ ਨਹੀਂ ਆਉਂਦੀ | ਇੱਥੇ ਹਾਜ਼ਰ ਕੁੱਝ ਕਿਸਾਨਾਂ ਨੇ ਗੁਜਰਾਤ ਸਟੇਟ ਤੋਂ ਆਈਆ ਬੋਰੀਆਂ ਵੀ ਦਿਖਾਈਆਂ ਤੇ ਕਿਹਾ ਕਿ ਕੀ ਪੰਜਾਬ ਸਰਕਾਰ ਕੋਲ ਬਾਰਦਾਨੇ ਦੀ ਕਮੀ ਹੈ, ਜੋ ਬਾਹਰਲੀ ਸਟੇਟ ਤੋਂ ਲਿਆਂਦੀਆਂ ਹੋਈਆਂ ਬੋਰੀਆਂ ਵਿਚ ਕਣਕ ਭਰੀ ਜਾ ਰਹੀ ਹੈ | ਇਸ ਸਬੰਧੀ ਬਿਜਲੀ ਅਧਿਕਾਰੀਆਂ ਦਾ ਪੱਖ ਜਾਣਿਆਂ ਤਾਂ ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਆਏ ਸੁਨੇਹੇ ਮੁਤਾਬਿਕ ਹੀ ਬਿਜਲੀ ਕੱਟੀ ਜਾਂਦੀ ਹੈ | ਮਾਹਲਾ ਕਲਾਂ ਦੀ ਦਾਣਾ ਮੰਡੀ ਵਿਚੋਂ ਮਜ਼ਦੂਰ ਯੂਨੀਅਨ ਦੇ ਆਗੂ ਜਗਦੀਪ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਲਿਫ਼ਟਿੰਗ ਦਾ ਪ੍ਰਬੰਧ ਨਾ ਹੋਣ ਕਾਰਨ ਫ਼ਸਲ ਮੰਡੀਆਂ 'ਚ ਰੁਲ ਰਹੀ ਹੈ ਤੇ ਲੇਬਰ ਨੂੰ ਵਿਹਲੇ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਦ ਇੰਸਪੈਕਟਰ ਨਵਦੀਪ ਸਿੰਘ ਦਾ ਪੱਖ ਜਾਣਿਆਂ ਤਾਂ ਉਨ੍ਹਾਂ ਕਿਹਾ ਕਿ ਇਸ ਮੰਡੀ ਨੂੰ 24 ਗੱਡੀਆਂ ਅਲਾਟ ਹੋਈਆਂ ਹਨ ਪਰ ਜਿੱਥੇ ਲਹਾਈ ਹੋ ਰਹੀ ਹੈ, ਉੱਥੇ ਸਮਾਂ ਜ਼ਿਆਦਾ ਲੱਗਣ ਕਾਰਨ ਗੱਡੀਆਂ ਉੱਥੇ ਹੀ ਰੁਕ ਜਾਂਦੀਆਂ ਹਨ ਇਸ ਕਰਕੇ ਮਾਲ ਦੀ ਚੁਕਾਈ ਨਹੀਂ ਹੋ ਰਹੀ | ਉੱਥੇ ਦਾਣਾ ਮੰਡੀ ਵਿਚ ਹਾਜ਼ਰ ਕੁਝ ਕਿਸਾਨ ਆਗੂਆਂ ਨੇ ਕਿਹਾ ਕਿ ਜੇ ਇਸ ਤਰ੍ਹਾਂ ਹੀ ਸਾਡੀ ਫ਼ਸਲ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਦਾਣਾ ਮੰਡੀਆਂ ਵਿਚ ਰੁਲਣ ਲੱਗੀ ਤਾਂ ਸਾਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ ਜਿਸ ਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਵੇਗੀ |