ਮੋਗਾ, 26 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਮਾਨ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਮੋਗਾ ਹਲਕੇ ਦੇ ਪਿੰਡਾਂ ਅੰਦਰ ਮੀਟਿੰਗਾਂ ਦੇ ਸਿਲਸਿਲੇ ਨੂੰ ਅੱਗੇ ਤੋਰਦਿਆਂ ਪਿੰਡ ਕਾਲੀਏ ਵਾਲਾ ਵਿਖੇ ਚਰਨਜੀਤ ਸਿੰਘ ਕਾਲੀਏ ਵਾਲਾ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਨਾਲ ਭਰਵੀਂ ਮੀਟਿੰਗ ਕੀਤੀ | ਇਸ ਮੌਕੇ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ਕਿਉਂਕਿ ਅੱਜ ਪੰਜਾਬ ਦਾ ਹਰ ਵਰਗ 'ਆਪ' ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਬੇਹੱਦ ਖ਼ਫ਼ਾ ਹੈ | ਪੰਜਾਬ ਅੰਦਰ ਰਿਸ਼ਵਤਖ਼ੋਰੀ ਜ਼ੋਰਾਂ 'ਤੇ ਚੱਲ ਰਹੀ ਹੈ, ਕੋਈ ਵੀ ਕੰਮ ਅੱਜ ਰਿਸ਼ਵਤ ਦਿੱਤੇ ਬਿਨ੍ਹਾਂ ਨਹੀਂ ਹੁੰਦਾ | ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ, ਲਿਫ਼ਟਿੰਗ ਦਾ ਕੰਮ ਬਹੁਤ ਹੌਲੀ ਚੱਲ ਰਿਹਾ ਹੈ | ਅਤਿ ਦੀ ਗਰਮੀ 'ਚ ਕਿਸਾਨ ਮੰਡੀਆਂ ਵਿਚ ਕਈ ਦਿਨ ਬੈਠਣ ਲਈ ਮਜਬੂਰ ਹੋ ਰਹੇ ਹਨ | ਮਾਨ ਨੇ ਕਿਹਾ ਕਿ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਅੰਦਰ ਬਹੁਤ ਮਾੜੀ ਹੈ | ਗੈਂਗਸਟਰਵਾਦ ਅੱਜ ਪੰਜਾਬ ਅੰਦਰ ਹਾਵੀ ਹੈ | ਹਰ ਰੋਜ਼ ਪੰਜਾਬ ਅੰਦਰ ਕਤਲ ਹੋ ਰਹੇ ਹਨ | ਇਸ ਮੌਕੇ ਚਰਨਜੀਤ ਸਿੰਘ, ਲਖਵੀਰ ਸਿੰਘ, ਗੁਰਜੀਤ ਸਿੰਘ, ਰੂਪ ਸਿੰਘ ਆਦਿ ਹਾਜ਼ਰ ਸਨ |