ਬਠਿੰਡਾ, 27 ਅਪ੍ਰੈਲ (ਪ.ਪ.)-ਬਠਿੰਡਾ ਦੀ ਸਰਹਿੰਦ ਨਹਿਰ ਵਿਚ ਇਕ ਨੌਜਵਾਨ ਵਲੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਦੀ ਸੂਚਨਾ ਮਿਲਣ ਉਪਰੰਤ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਅਤੇ ਐੱਨ.ਡੀ.ਆਰ.ਐੱਫ. ਦੀ ਟੀਮ ਘਟਨਾ ਸਥਾਨ 'ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ | ਦੱਸਿਆ ਜਾ ਰਿਹਾ ਹੈ, ਕਿ ਇਕ ਨੌਜਵਾਨ ਵਲੋਂ ਅਚਾਨਕ ਸਰਹਿੰਦ ਨਹਿਰ ਵਿਚ ਛਾਲ ਮਾਰ ਦਿੱਤੀ ਗਈ ਹੈ | ਜਿਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ | ਇਸ ਮਾਮਲੇ ਦੀ ਸੂਚਨਾ ਇਕ ਆਟੋ ਚਾਲਕ ਵਲੋਂ ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੂੰ ਦਿੱਤੀ ਗਈ | ਸਹਾਰਾ ਜਨ ਸੇਵਾ ਮੈਂਬਰ ਅਤੇ ਐੱਨ.ਡੀ.ਆਰ.ਐੱਫ ਦੇ ਜਵਾਨ ਅਤੇ ਥਾਣਾ ਥਰਮਲ ਪੁਲਿਸ ਦੇ ਜਵਾਨ ਘਟਨਾ ਸਥਾਨ 'ਤੇ ਪਹੁੰਚੇ | ਜਿਨ੍ਹਾਂ ਵਲੋਂ ਨਹਿਰ ਦੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ | ਬਚਾਅ ਟੀਮਾਂ ਵਲੋਂ ਨਹਿਰ ਦੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਵੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਉਕਤ ਨੌਜਵਾਨ ਬਾਰੇ ਕੋਈ ਪਤਾ ਲੱਗ ਸਕੇ | ਫਿਲਹਾਲ ਉਕਤ ਨੌਜਵਾਨ ਸਬੰਧੀ ਅਜੇ ਕਈ ਪਤਾ ਨਹੀਂ ਲੱਗ ਸਕਿਆ | ਉੱਧਰ ਇਸ ਮਾਮਲੇ ਸਬੰਧੀ ਥਾਣਾ ਥਰਮਲ ਦੇ ਇੰਚਾਰਜ ਹਰਜੀਵਨ ਸਿੰਘ ਨੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਕਿ ਸਰਹਿੰਦ ਨਹਿਰ 'ਚ ਇਕ ਨੌਜਵਾਨ ਵਲੋਂ ਛਾਲ ਮਾਰੀ ਗਈ ਹੈ | ਐੱਨ.ਡੀ.ਆਰ.ਐੱਫ .ਦੀਆਂ ਟੀਮਾਂ ਵਲੋਂ ਕਈ ਘੰਟੇ ਲਗਾਤਾਰ ਨਹਿਰ ਵਿਚ ਜਾਂਚ ਕੀਤੀ ਗਈ, ਪਰ ਅਜੇ ਤੱਕ ਉਕਤ ਵਿਅਕਤੀ ਸਬੰਧੀ ਕੋਈ ਪਤਾ ਨਹੀਂ ਲੱਗ ਸਕਿਆ |