ਮੋਗਾ, 28 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਗਿਆਨੀ ਮੇਲਾ ਸਿੰਘ ਸੇਵਾ ਸੁਸਾਇਟੀ ਡਗਰੂ ਵਲੋਂ ਸੁਸਾਇਟੀ ਦੇ ਮੁੱਖ ਸੇਵਾਦਾਰ ਵੈਦ ਰਾਜ ਬੋਹੜ ਸਿੰਘ ਖ਼ੁਸ਼ਦਿਲ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਅੱਖਾਂ ਦੇ ਮੋਤੀਏ ਦਾ ਮੁਫ਼ਤ ਜਾਂਚ ਕੈਂਪ ਨਬਜ਼ ਆਯੁਰਵੈਦਿਕ ਹੈਲਥ ਕੇਅਰ ਜ਼ੀਰਾ ਰੋਡ ਮੋਗਾ ਦੇ ਸਥਾਨ 'ਤੇ ਲਗਾਇਆ ਗਿਆ ਜਿਸ 'ਚ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ ਦੇ ਮਾਹਿਰ ਡਾਕਟਰਾਂ ਦੀ ਟੀਮ ਵਿਸ਼ੇਸ਼ ਤੌਰ 'ਤੇ ਪੁੱਜੀ | ਕੈਂਪ ਦਾ ਉਦਘਾਟਨ ਗਿਆਨੀ ਮੇਲਾ ਸਿੰਘ ਦੀ ਧਰਮ ਪਤਨੀ ਮਾਤਾ ਜਸਵਿੰਦਰ ਕੌਰ ਨੇ ਰੀਬਨ ਕੱਟ ਕੇ ਕੀਤਾ | ਕੈਂਪ ਦੌਰਾਨ 150 ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ ਤੇ ਮੁਫ਼ਤ ਇਲਾਜ ਹਿਤ ਦਵਾਈਆਂ ਦੇਣ ਦੇ ਨਾਲ 10 ਮਰੀਜ਼ਾਂ ਦੇ ਲੈਂਨਜ ਪਵਾਉਣ ਲਈ ਸ਼ੰਕਰਾ ਆਈ ਹਸਪਤਾਲ ਭੇਜ ਦਿੱਤਾ ਗਿਆ | ਕੈਂਪ ਦੌਰਾਨ ਤੀਰਥ ਸਿੰਘ, ਸਵਿੰਦਰ ਸਿੰਘ, ਜਸਵਿੰਦਰ ਸਿੰਘ, ਰਾਗੀ ਗੁਰਸੇਵਕ ਸਿੰਘ, ਜਸਵੰਤ ਸਿੰਘ ਅਤੇ ਬਲਜਿੰਦਰ ਕੌਰ ਆਦਿ ਹਾਜ਼ਰ ਸਨ |