ਧਰਮਕੋਟ, 28 ਅਪ੍ਰੈਲ (ਪਰਮਜੀਤ ਸਿੰਘ)-ਮੋਗਾ ਇਲਾਕੇ ਦੀ ਪ੍ਰਸਿੱਧ ਸੰਸਥਾ ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ, ਜੋ ਆਈ.ਸੀ.ਐਸ.ਈ. ਬੋਰਡ ਨਵੀਂ ਦਿੱਲੀ ਨਾਲ ਸੰਬੰਧਿਤ ਹੈ, ਦੇ 12 ਵੀਂ ਕਲਾਸ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਵਿਜੈ ਸ਼ਰਮਾ ਕਲਾਸਿਕ ਚੈਂਪੀਅਨਸ਼ਿਪ ਦੇ ਤਹਿਤ ਹੋਏ ਪਾਵਰਲਿਫਟਿੰਗ ਟੂਰਨਾਮੈਂਟ ਵਿਚ 67.5 ਕਿਲੋਗ੍ਰਾਮ ਵਰਗ ਵਿਚ 180 ਕਿਲੋਗ੍ਰਾਮ ਵਜ਼ਨ ਉਠਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਹ ਖੇਡ ਮੁਕਾਬਲਾ ਪਟਿਆਲਾ ਦੇ ਵੀਰ ਹਰਕੀਰਤ ਰਾਇ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਇਆ ਗਿਆ ਸੀ | ਪ੍ਰਭਜੋਤ ਸਿੰਘ ਨੂੰ ਸੋਨ ਤਗਮਾ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੂੰ ''ਬੈੱਸਟ ਲਿਫਟਰ ਆਫ਼ ਪੰਜਾਬ'' ਦਾ ਖ਼ਿਤਾਬ ਵੀ ਦਿੱਤਾ ਗਿਆ | ਇਸ ਜਿੱਤ ਦਾ ਸਿਹਰਾ ਵਿਦਿਆਰਥੀ ਦੀ ਕਠਿਨ ਮਿਹਨਤ ਨੂੰ ਜਾਂਦਾ ਹੈ, ਜਿਸ ਨੇ ਆਪਣੀ ਲਗਨ ਨਾਲ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਮਨੀਸ਼ਾ ਕੌਸ਼ਿਕ ਨੇ ਵਿਦਿਆਰਥੀ ਦੀ ਪ੍ਰਸ਼ੰਸਾ ਕਰਦਿਆਂ ਹੋਰ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਸਾਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਖੇਡਾਂ ਵਿਚ ਸਫਲਤਾ ਹਾਸਲ ਕਰਨ ਨਾਲ ਸਾਡਾ ਆਤਮਸਨਮਾਨ ਅਤੇ ਆਤਮ-ਵਿਸ਼ਵਾਸ ਵਧਦਾ ਹੈ | ਜਦੋਂ ਅਸੀਂ ਕਿਸੇ ਖੇਡ ਵਿਚ ਵਧੀਆ ਪ੍ਰਦਰਸ਼ਨ ਕਰਦੇ ਹਾਂ, ਤਾਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਆਪਣੇ ਟੀਚੇ ਨੂੰ ਹਾਸਲ ਕਰ ਲਿਆ ਹੈ | ਇਸ ਮੌਕੇ ਸਕੂਲ ਦੇ ਸੀ.ਐਮ.ਡੀ. ਅਭਿਸ਼ੇਕ ਜਿੰਦਲ, ਸ਼ੀਨਮ ਜਿੰਦਲ ਅਤੇ ਸਰੋਜ ਰਾਣੀ ਜਿੰਦਲ ਨੇ ਵੀ ਸਾਰੇ ਅਧਿਆਪਕਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ |