ਮੋਗਾ, 3 ਮਈ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਵਿਚ ਕਣਕ ਦੀ ਖ਼ਰੀਦ ਦਾ ਸੀਜ਼ਨ ਪ੍ਰਸ਼ਾਸਨ ਵਲੋਂ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਸਦਕਾ ਸੁਚਾਰੂ ਢੰਗ ਨਾਲ ਮੁਕੰਮਲ ਹੋਣ ਕਿਨਾਰੇ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੰਡੀਆਂ ਵਿਚੋਂ ਕਣਕ ਦੀ ਖ਼ਰੀਦ ਦੇ ਨਾਲ-ਨਾਲ ਲਿਫ਼ਟਿੰਗ ਕਰਨੀ ਵੀ ਤੇਜ਼ੀ ਨਾਲ ਯਕੀਨੀ ਬਣਾਈ ਜਾ ਰਹੀ ਹੈ | ਖ਼ਰੀਦ ਕੀਤੀ ਗਈ ਕਣਕ ਦੀ ਅਦਾਇਗੀ ਵੀ ਨਾਲੋਂ-ਨਾਲ ਯਕੀਨੀ ਬਣਾਈ ਜਾ ਰਹੀ ਹੈ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਬੀਤੇ ਕੱਲ੍ਹ 661413 ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ ਹੈ | ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਵਿਚ ਕਿਸਾਨਾਂ ਨੂੰ 1601 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਕਣਕ ਦੀ ਖ਼ਰੀਦ ਵਿਚ ਪਨਗਰੇਨ ਵਲੋਂ 225388 ਮੀਟਰਿਕ ਟਨ, ਮਾਰਕਫੈਡ ਵਲੋਂ 174891 ਮੀਟਰਿਕ ਟਨ, ਪਨਸਪ ਵਲੋਂ 150845 ਮੀਟਰਿਕ ਟਨ, 110288 ਵੇਅਰ ਹਾਊਸ ਵਲੋਂ ਮੀਟਰਿਕ ਟਨ ਤੇ ਪ੍ਰਾਈਵੇਟ ਵਪਾਰੀਆਂ ਵਲੋਂ 440 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ | ਉਨ੍ਹਾਂ ਖ਼ਰੀਦੀ ਗਈ ਕਣਕ ਦੀ ਚੁਕਾਈ ਵਿਚ ਹੋਰ ਤੇਜ਼ੀ ਲਿਆਉਣ ਦੇ ਹੁਕਮ ਦਿੰਦਿਆਂ ਕਿਹਾ ਕਿ ਖ਼ੁਰਾਕ ਸਪਲਾਈ, ਖ਼ਰੀਦ ਏਜੰਸੀਆਂ ਦੇ ਅਧਿਕਾਰੀ ਕਣਕ ਦੀ ਨਿਰਧਾਰਿਤ ਸਮੇਂ ਅੰਦਰ ਚੁਕਾਈ ਨੂੰ ਯਕੀਨੀ ਬਣਾਉਣ | ਦੱਸਣਯੋਗ ਹੈ ਕਿ 3.68 ਲੱਖ ਮੀਟਰਿਕ ਟਨ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ | ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ | ਉਨ੍ਹਾਂ ਕਿਹਾ ਕਿ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਹਿਰੀਲੀਆਂ ਗੈਸਾਂ ਫੈਲਦੀਆਂ ਹਨ ਜਿਹੜੀਆਂ ਮਨੁੱਖੀ ਸਿਹਤ ਲਈ ਖ਼ਤਰਨਾਕ ਹੁੰਦੀਆਂ ਹਨ | ਉਨ੍ਹਾਂ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਹੀ ਮਿਲਾਉਣ ਦੀ ਅਪੀਲ ਕੀਤੀ ਤਾਂ ਜੋ ਜ਼ਮੀਨ ਦੀ ਸਿਹਤ ਨੂੰ ਹੋਰ ਬਿਹਤਰ ਕੀਤਾ ਜਾ ਸਕੇ |