ਮੋਗਾ, 3 ਮਈ (ਸੁਰਿੰਦਰਪਾਲ ਸਿੰਘ)-ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮੁਖ ਸੇਵਾ ਭਲਾਈ ਸੰਸਥਾ ਵਲੋਂ ਚੜ੍ਹਦੀ ਕਲਾ ਸੰਸਥਾ ਦੇ ਸਹਿਯੋਗ ਨਾਲ ਬਾਬਾ ਨਾਮਦੇਵ ਭਵਨ ਅਕਾਲਸਰ ਰੋਡ ਮੋਗਾ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਹਾਜ਼ਰੀ ਲਗਵਾ ਕੇ ਸਿਹਤ ਸੇਵਾਵਾਂ ਦਾ ਲਾਭ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਸ਼ੰਕਰਾ ਹਸਪਤਾਲ ਦੀ ਤਜਰਬੇਕਾਰ ਡਾਕਟਰੀ ਟੀਮ ਵਲੋਂ ਮਰੀਜ਼ਾਂ ਦੀ ਸੰਪੂਰਨ ਜਾਂਚ ਕੀਤੀ ਗਈ | ਕੈਂਪ ਦੌਰਾਨ ਲਗ-ਪਗ 250 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 28 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ ਹੈ, ਜਿਨ੍ਹਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਮੌਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ | ਇਸ ਮੌਕੇ ਡਾ. ਰਮਨਦੀਪ ਕੌਰ ਨੇ ਲੋਕਾਂ ਨੂੰ ਅੱਖਾਂ ਦੀ ਸੰਭਾਲ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਅੱਖਾਂ ਨਾਲ ਜੁੜੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਨ੍ਹਾਂ ਦਾ ਮੁੱਖ ਕਾਰਨ ਮੋਬਾਈਲ ਅਤੇ ਕੰਪਿਊਟਰ ਦੀ ਵੱਧ ਵਰਤੋਂ, ਗ਼ਲਤ ਖ਼ੁਰਾਕ ਅਤੇ ਸਮੇਂ-ਸਮੇਂ 'ਤੇ ਚੈੱਕਅਪ ਨਾ ਕਰਵਾਉਣਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਵਿਅਕਤੀ ਨੂੰ ਸਾਲ ਵਿਚ ਘੱਟੋ-ਘੱਟ ਇਕ ਵਾਰ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ | ਜਸਵਿੰਦਰ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਧੱਲੇਕੇ ਅਤੇ ਹਰਪ੍ਰੀਤ ਸਿੰਘ ਧੱਲੇਕੇ ਨੇ ਸਾਂਝੇ ਤੌਰ 'ਤੇ ਕਿਹਾ ਕਿ ਅੱਖਾਂ ਸਾਡੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਅੰਗ ਹਨ ਅਤੇ ਉਨ੍ਹਾਂ ਦੀ ਸੰਭਾਲ ਕਰਨੀ ਹਰ ਇਨਸਾਨ ਦੀ ਪਹਿਲੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਲਗਾਉਣ ਦਾ ਮਕਸਦ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਅਤੇ ਉੱਚ ਪੱਧਰੀ ਇਲਾਜ ਮੁਹੱਈਆ ਕਰਵਾਉਣਾ ਹੈ, ਤਾਂ ਜੋ ਕੋਈ ਵੀ ਵਿਅਕਤੀ ਸਿਰਫ਼ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਾ ਰਹਿ ਜਾਵੇ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰੱਖੇ ਜਾਣਗੇ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਹੋਰ ਕੈਂਪ ਵੀ ਲਗਾਏ ਜਾਣਗੇ | ਕੈਂਪ ਦੌਰਾਨ ਸੇਵਾਦਾਰਾਂ ਵਲੋਂ ਮਰੀਜ਼ਾਂ ਦੀ ਸਹੂਲਤ ਲਈ ਵਧੀਆ ਪ੍ਰਬੰਧ ਕੀਤੇ ਗਏ ਅਤੇ ਆਏ ਹੋਏ ਲੋਕਾਂ ਨੇ ਸੰਸਥਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਮਾਸਟਰ ਇੰਦਰਪ੍ਰੀਤ ਸਿੰਘ, ਬਲਜੀਤ ਸਿੰਘ, ਗੁਰਦੇਵ ਸਿੰਘ, ਅੰਗਦਪ੍ਰੀਤ ਸਿੰਘ ਬਿੱਟੂ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ ਨਾਮਦੇਵ ਭਵਨ, ਡਾ. ਦਲਜੀਤ ਸਿੰਘ ਧੱਲੇਕੇ ਆਦਿ ਹਾਜ਼ਰ ਸਨ |