ਬਾਘਾ ਪੁਰਾਣਾ, 3 ਮਈ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਹਿਮ ਮੀਟਿੰਗ ਮੁਗਲੂ ਪੱਤੀ ਬਾਘਾ ਪੁਰਾਣਾ 'ਚ ਸਥਿਤ ਗੁਰਦੁਆਰਾ ਸਾਹਿਬ 'ਚ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਵਿਸ਼ੇਸ਼ ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਜਰਨਲ ਸਕੱਤਰ ਰਵਿੰਦਰ ਸਿੰਘ ਭੋਲਾ ਮਾਣੂੰਕੇ ਅਤੇ ਸੂਬਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਬਰਾੜ ਬਾਘਾ ਪੁਰਾਣਾ ਨੇ ਵਿਸ਼ੇਸ਼ ਤੋਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਅਤੇ ਮੇਜਰ ਸਿੰਘ ਬਾਘਾ ਪੁਰਾਣਾ ਨੇ ਯੂਨੀਅਨ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਅਤੇ ਇਲਾਕੇ ਅੰਦਰ ਬੇਸਹਾਰਾ ਪਸ਼ੂਆਂ ਦੀ ਬਹੁਤ ਭਰਮਾਰ ਹੈ ਅਤੇ ਇਨ੍ਹਾਂ ਬੇਸਹਾਰਾ ਪਸ਼ੂਆਂ ਕਾਰਨ ਹਰ ਮਹੀਨੇ ਹਲਕਾ ਬਾਘਾ ਪੁਰਾਣਾ ਅੰਦਰ ਦਰਜਨਾਂ ਐਕਸੀਡੈਂਟ ਹੁੰਦੇ ਹਨ | ਇਨ੍ਹਾਂ ਬੇਸਹਾਰਾ ਪਸ਼ੂਆਂ ਕਾਰਨ ਜਿੱਥੇ ਲੋਕ ਗੰਭੀਰ ਜ਼ਖ਼ਮੀ ਹੁੰਦੇ ਹਨ ਉੱਥੇ ਕਈ ਵਾਰ ਇਨ੍ਹਾਂ ਬੇਸਹਾਰਾ ਪਸ਼ੂਆਂ ਕਾਰਨ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ ਪਰ ਇਸ ਪਾਸੇ ਹਲਕਾ ਵਿਧਾਇਕ, ਪੁਲਿਸ ਪ੍ਰਸ਼ਾਸਨ ਅਤੇ ਬਾਘਾ ਪੁਰਾਣਾ ਦੇ ਸ਼ਹਿਰੀ ਪ੍ਰਬੰਧਕਾਂ ਦਾ ਕੋਈ ਧਿਆਨ ਨਹੀ ਹੈ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸ਼ਹਿਰ ਅੰਦਰ ਅਨੇਕਾਂ ਗਊਸ਼ਾਲਾ ਹੋਣ ਦੇ ਬਾਵਜੂਦ ਹਰੇਕ ਗਲੀ ਅੰਦਰ ਬੇਸਹਾਰਾ ਪਸ਼ੂ ਘੁੰਮਦੇ ਨਜ਼ਰ ਆਉਂਦੇ ਹਨ ਪਰ ਸਰਕਾਰ ਵਲੋਂ ਲੋਕਾਂ ਤੋਂ ਵੱਖ-ਵੱਖ ਤਰ੍ਹਾਂ ਨਾਲ ਗਊ ਸੈੱਸ ਵਸੂਲਣ ਦੇ ਬਾਵਜੂਦ ਵੀ ਬੇਸਹਾਰਾ ਪਸ਼ੂਆਂ' ਦੀ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ | ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਸੰਘਰਸ਼ ਤਹਿਤ ਸ਼ਹਿਰ ਦੇ ਪ੍ਰਬੰਧਕੀ ਆਗੂਆਂ ਅਤੇ ਪ੍ਰਸ਼ਾਸਕ ਅਧਿਕਾਰੀਆਂ ਦੇ ਘਰਾਂ ਅੱਗੇ ਬੇਸਹਾਰਾ ਪਸ਼ੂਆਂ ਨੂੰ ਬੰਨਿ੍ਹਆਂ ਜਾਵੇਗਾ | ਇਸ ਮੌਕੇ ਕਾਕਾ ਬਰਾੜ ਬਾਘਾ ਪੁਰਾਣਾ, ਲਾਭ ਸਿੰਘ ਮਾਣੂੰਕੇ, ਜੰਗੀਰ ਸਿੰਘ, ਜਗਸੀਰ ਸਿੰਘ, ਜਗਦੇਵ ਸਿੰਘ ਜੱਗੂ ਮਾਣੂੰਕੇ, ਰਜਿੰਦਰ ਸਿੰਘ, ਇਕਬਾਲ ਸਿੰਘ ਬਰਾੜ, ਸੁਖਦੇਵ ਸਿੰਘ ਰਾਜੇਆਣਾ, ਰਣਜੀਤ ਸਿੰਘ, ਜੱਸਾ ਚੰਨੂਵਾਲਾ, ਇਕਬਾਲ ਸਿੰਘ ਕਾਲਾ, ਪੰਮਾ ਡਾਕਟਰ ਆਦਿ ਕਿਸਾਨ ਹਾਜ਼ਰ ਸਨ |