ਠੱਠੀ ਭਾਈ, 3 ਮਈ (ਜਗਰੂਪ ਸਿੰਘ ਮਠਾੜੂ)-ਪਿੰਡ ਸੇਖਾ ਖ਼ੁਰਦ ਵਿਖੇ ਸਥਿਤ ਪ੍ਰਾਚੀਨ ਅਤੇ ਅਧਿਆਤਮਿਕ ਮਹੱਤਤਾ ਵਾਲੇ ਡੇਰਾ ਸੇਖਾ ਝਿੜੀ ਵਿਖੇ ਪੂਰਨਮਾਸ਼ੀ ਦਾ ਪਾਵਨ ਦਿਹਾੜਾ ਸਥਾਨ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਸੁਖਦੇਵ ਮੁਨੀ ਦੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਇਲਾਕੇ ਭਰ ਤੋਂ ਆਈਆਂ ਸੰਗਤਾਂ ਨੇ ਡੇਰੇ ਵਿਚ ਪਹੁੰਚ ਕੇ ਮੱਥਾ ਟੇਕਿਆ ਅਤੇ ਗੁਰੂ ਘਰ ਦੀ ਸੇਵਾ ਕਰਦੇ ਹੋਏ ਅਸੀਸਾਂ ਪ੍ਰਾਪਤ ਕੀਤੀਆਂ | ਸਮਾਗਮ ਦੌਰਾਨ ਧਾਰਮਿਕ ਕਥਾ ਕੀਰਤਨ ਅਤੇ ਰਾਗੀ ਸਿੰਘਾਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਦਿਆਂ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜਿਆ ਗਿਆ | ਇਸ ਮੌਕੇ ਮਹੰਤ ਬਾਬਾ ਸੁਖਦੇਵ ਮੁਨੀ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰਮਤਿ ਜੀਵਨ ਜਿਊਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਮਨੁੱਖ ਨੂੰ ਹਮੇਸ਼ਾ ਸਚਾਈ, ਨਿਮਰਤਾ ਅਤੇ ਸੇਵਾ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਭਟਕਣਾ ਭਰੇ ਸਮੇਂ ਵਿਚ ਮਨੁੱਖ ਨੂੰ ਗੁਰੂ ਦੀ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ | ਉਨ੍ਹਾਂ ਸਮੁੱਚੀਆਂ ਸੰਗਤਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਧਾਰਮਿਕ ਮਾਰਗ ਅਪਣਾਉਣ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਸਹੀ ਸਿੱਖਿਆ ਦੇਣ | ਇਸ ਦੌਰਾਨ ਡੇਰੇ ਵਿਚ ਲੰਗਰ ਅਤੁੱਟ ਵਰਤਾਇਆ ਗਿਆ | ਸਮਾਗਮ ਦੇ ਅੰਤ ਵਿਚ ਸੰਗਤਾਂ ਵਲੋਂ ਸਮੁੱਚੀ ਮਾਨਵਤਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਸਮਾਗਮ ਵਿਚ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਦੀ ਹਾਜ਼ਰੀ ਰਹੀ |