ਮੋਗਾ 4 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮਾਂ ਦੀ ਲੜੀ ਤਹਿਤ ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਸਮਾਨਤਾ ਅਤੇ ਭਾਈਚਾਰਕ ਸਾਂਝ ਵਿਸ਼ੇ 'ਤੇ ਵਿਸ਼ੇਸ਼ ਡਰਾਇੰਗ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਲਾ ਰਾਹੀਂ ਗੁਰੂ ਸਾਹਿਬ ਦੇ ਜੀਵਨ ਫ਼ਲਸਫ਼ੇ, ਮਾਨਵਤਾ ਅਤੇ ਆਪਸੀ ਸਾਂਝ ਦੇ ਸੰਕਲਪ ਨੂੰ ਪੋਸਟਰਾਂ ਤੇ ਚਿੱਤਰਾਂ ਰਾਹੀਂ ਬਾਖ਼ੂਬੀ ਉਲੀਕਿਆ | ਵਿਦਿਆਰਥੀਆਂ ਨੇ ਆਪਣੀ ਕਲਾ ਦੇ ਰਾਹੀਂ ਸਮਾਨਤਾ ਤੇ ਭਾਈਚਾਰਕ ਸੰਦੇਸ਼ ਨੂੰ ਬੜੇ ਹੀ ਵਧੀਆ ਰੂਪ ਵਿਚ ਪੇਸ਼ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਬਰਾੜ ਅਤੇ ਪਿ੍ੰਸੀਪਲ ਵੇਦ ਪ੍ਰਕਾਸ਼ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੇ ਮਹਾਨ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਇਤਿਹਾਸ ਬਾਰੇ ਡੂੰਘੀ ਜਾਣਕਾਰੀ ਮਿਲਦੀ ਹੈ | ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਮਾਨਵਤਾ, ਬਰਾਬਰੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ | ਸਮਾਗਮ ਦੇ ਅਖੀਰ ਵਿਚ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ ਅਤੇ ਮਾਨਵਤਾ ਦੀ ਸੇਵਾ ਦਾ ਪ੍ਰਣ ਲਿਆ ਗਿਆ |