ਠੱਠੀ ਭਾਈ, 5 ਮਈ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲੇ੍ਹ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਆਉਂਦੀ ਮਾਰਕੀਟ ਕਮੇਟੀ ਦੇ ਖ਼ਰੀਦ ਕੇਂਦਰ ਮਾੜੀ ਮੁਸਤਫ਼ਾ ਵਿਚ ਪਿਛਲੇ ਕਈ ਦਿਨਾਂ ਤੋਂ ਖਰੀਦੀ ਹੋਈ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਹਾਲਾਤ ਗੰਭੀਰ ਬਣ ਗਏ ਹਨ | ਮੰਡੀ ਅੰਦਰ ਕਣਕ ਦੇ ਲੱਗੇ ਵੱਡੇ ਅੰਬਾਰਾਂ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ, ਜਿਸ ਕਾਰਨ ਆੜ੍ਹਤੀ, ਕਿਸਾਨ ਅਤੇ ਮਜ਼ਦੂਰ ਤਿੰਨੇ ਹੀ ਵਰਗ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਲਿਫ਼ਟਿੰਗ ਰੁਕਣ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਮਜ਼ਦੂਰ ਵਰਗ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਰੋਸ ਜਤਾਇਆ | ਮਜ਼ਦੂਰਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਕੰਮ ਨਾ ਹੋਣ ਕਾਰਨ ਉਹ ਵਿਹਲੇ ਬੈਠਣ ਲਈ ਮਜਬੂਰ ਹਨ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਸੰਕਟ ਖੜ੍ਹਾ ਹੋ ਗਿਆ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਵਿਕੀ ਹੋਈ ਕਣਕ ਨੂੰ ਚੁਕਾਉਣ ਲਈ ਟਰੱਕਾਂ ਵਲੋਂ 500 ਰੁਪਏ ਪ੍ਰਤੀ ਟਰੱਕ ਅਤੇ ਉਤਾਰਨ ਵਾਲੀ ਲੇਬਰ ਵਲੋਂ 540 ਰੁਪਏ ਪ੍ਰਤੀ ਟਰੱਕ ਦੀ ਮੰਗ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ, ਇੰਸਪੈਕਟਰ ਵਲੋਂ ਵੀ ਪ੍ਰਤੀ ਗੱਟਾ ਰਕਮ ਦੀ ਮੰਗ ਕੀਤੇ ਜਾਣ ਦੇ ਦੋਸ਼ ਲੱਗੇ ਹਨ | ਕਈ ਮਜ਼ਦੂਰਾਂ ਨੇ ਕਿਹਾ ਕਿ ਕਟੌਤੀ ਦੇ ਨਾਂ 'ਤੇ ਉਨ੍ਹਾਂ ਤੋਂ ਕਣਕ ਦੇ ਗੱਟੇ ਵੀ ਲਏ ਜਾ ਰਹੇ ਹਨ, ਜੋ ਕਿ ਗੰਭੀਰ ਭਿ੍ਸ਼ਟਾਚਾਰ ਨੂੰ ਦਰਸਾਉਂਦਾ ਹੈ | ਪ੍ਰਵਾਸੀ ਮਜ਼ਦੂਰਾਂ ਨੇ ਆਪਣਾ ਦਰਦ ਸਾਂਝਾ ਕਰਦਿਆਂ ਕਿਹਾ ਕਿ ਉਹ ਲਗਭਗ 1500 ਕਿੱਲੋਮੀਟਰ ਦੂਰੋਂ ਇੱਥੇ ਰੋਜ਼ਗਾਰ ਦੀ ਖ਼ਾਤਰ ਆਏ ਹਨ, ਪਰ ਮੌਜੂਦਾ ਹਾਲਾਤਾਂ ਵਿਚ ਉਨ੍ਹਾਂ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਜੇ ਇਹੀ ਹਾਲਾਤ ਰਹੇ ਤਾਂ ਉਨ੍ਹਾਂ ਨੂੰ ਭੁੱਖੇ ਰਹਿਣ ਲਈ ਮਜਬੂਰ ਹੋਣਾ ਪਵੇਗਾ | ਮਜ਼ਦੂਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਦੋ ਦਿਨ ਪਹਿਲਾਂ ਮੰਡੀ ਵਿਚੋਂ ਕਣਕ ਦੀ ਚੋਰੀ ਦਾ ਮਾਮਲਾ ਵੀ ਸਾਹਮਣੇ ਆਇਆ ਸੀ, ਜਿਸ ਵਿਚ ਅਸਲੀ ਦੋਸ਼ੀਆਂ ਨੂੰ ਫੜਨ ਦੀ ਬਜਾਏ ਮਜ਼ਦੂਰਾਂ ਨੂੰ ਹੀ ਘੇਰਿਆ ਗਿਆ | ਇਸ ਨਾਲ ਮਜ਼ਦੂਰ ਵਰਗ ਵਿਚ ਨਾਰਾਜ਼ਗੀ ਹੋਰ ਵੱਧ ਗਈ ਹੈ | ਇਸ ਸਮੇਂ ਮੰਡੀ ਦੇ ਪੱਕੇ ਫੜਾਂ ਵਿਚ ਕਣਕ ਦੇ ਵੱਡੇ ਅੰਬਾਰ ਲੱਗੇ ਹੋਏ ਹਨ, ਜਦ ਕਿ ਕੱਚੇ ਸਥਾਨਾਂ 'ਤੇ ਪਈ ਕਣਕ ਨੂੰ ਹਾਲੇ ਤੱਕ ਹੱਥ ਵੀ ਨਹੀਂ ਲਾਇਆ ਗਿਆ | ਮਜ਼ਦੂਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਾਰਸ਼ ਪੈਂਦੀ ਹੈ ਜਾਂ ਨੇੜਲੇ ਖੇਤਾਂ ਵਿਚ ਅੱਗ ਲੱਗਦੀ ਹੈ ਤਾਂ ਇਹ ਕਣਕ ਵੱਡੇ ਨੁਕਸਾਨ ਦਾ ਸ਼ਿਕਾਰ ਹੋ ਸਕਦੀ ਹੈ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸੰਬੰਧਿਤ ਇੰਸਪੈਕਟਰ ਦੀ ਹੋਵੇਗੀ | ਇਸ ਦੇ ਨਾਲ ਹੀ ਇਲਾਕੇ ਦੇ ਹੋਰ ਖ਼ਰੀਦ ਕੇਂਦਰਾਂ ਜਿਵੇਂ ਕਿ ਠੱਠੀ ਭਾਈ, ਸੇਖਾ ਕਲਾਂ ਅਤੇ ਨੇੜਲੇ ਕੇਂਦਰਾਂ ਵਿਚ ਵੀ ਲਿਫ਼ਟਿੰਗ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ | ਆੜ੍ਹਤੀਆਂ ਨੇ ਵੀ ਸਰਕਾਰ ਅਤੇ ਖ਼ਰੀਦ ਏਜੰਸੀਆਂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਮੇਂ ਸਿਰ ਲਿਫ਼ਟਿੰਗ ਨਾ ਹੋਣ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਤੁਰੰਤ ਵਾਧੂ ਟਰੱਕ ਅਤੇ ਮਜ਼ਦੂਰ ਲਗਾ ਕੇ ਮੰਡੀ ਵਿਚੋਂ ਕਣਕ ਦੀ ਉਠਾਉਣੀ ਯਕੀਨੀ ਬਣਾਈ ਜਾਵੇ | ਮਜ਼ਦੂਰਾਂ ਨੇ ਅਖੀਰ ਵਿਚ ਚੇਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਦੇ ਅੰਦਰ ਮਾੜੀ ਮੁਸਤਫ਼ਾ ਖ਼ਰੀਦ ਕੇਂਦਰ ਵਿਚੋਂ ਕਣਕ ਦੀ ਲਿਫ਼ਟਿੰਗ ਸ਼ੁਰੂ ਨਾ ਹੋਈ ਤਾਂ ਉਹ ਸੜਕਾਂ ਰੋਕਣ ਵਰਗਾ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ |