ਮੋਗਾ, 5 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਏਟਕ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਫ਼ੈਸਲੇ ਮੁਤਾਬਿਕ ਮੋਗਾ ਦੇ ਬੱਸ ਅੱਡੇ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਬੋਲਦਿਆਂ ਜਗਦੀਸ਼ ਸਿੰਘ ਚਾਹਲ ਸੂਬਾਈ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਬਿਲਕੁਲ ਹੀ ਅਣਗੋਲਿਆਂ ਕੀਤਾ ਹੈ | ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ | ਇਕ ਪਾਸੇ ਤਾਂ ਉੱਚ ਅਫ਼ਸਰਾਂ ਨੂੰ ਪੰਜਾਬ ਸਰਕਾਰ ਨਾਲ ਦੀ ਨਾਲ ਡੀ.ਏ. ਦੇ ਰਹੀ ਹੈ ਅਤੇ ਹੋਰ ਸਹੂਲਤਾਂ ਨਾਲ ਮਾਲਾ ਮਾਲ ਕਰ ਰਹੀ ਹੈ, ਦੂਜੇ ਪਾਸੇ ਛੋਟੇ ਦਰਜਾ ਤਿੰਨ ਅਤੇ ਦਰਜਾਚਾਰ ਮੁਲਾਜ਼ਮਾਂ ਨੂੰ ਆਪਣੇ ਆਪ ਤਾਂ ਡੀ.ਏ. ਕੀ ਦੇਣਾ ਸੀ ਸਗੋਂ ਮਾਨਯੋਗ ਅਦਾਲਤ ਦੇ ਹੁਕਮ ਮੰਨਣ ਤੋਂ ਵੀ ਇਨਕਾਰੀ ਹੈ | ਹੁਣ ਡੀ.ਏ. ਦੀ ਅਦਾਇਗੀ ਨੂੰ ਟਾਲਣ ਲਈ ਪੰਜਾਬ ਸਰਕਾਰ ਨੇ ਡਬਲ ਬੈਂਚ ਕੋਲ ਐਲ.ਪੀ.ਏ. ਪਾ ਦਿੱਤੀ ਹੈ ਤਾਂ ਕਿ ਕਿਸੇ ਤਰ੍ਹਾਂ ਮੁਲਾਜ਼ਮਾਂ ਦੇ ਪੈਨਸ਼ਨਾਂ ਨੂੰ ਡੀ.ਏ. ਨਾ ਦੇਣਾ ਪਵੇ | ਇਸ ਮੌਕੇ ਗੁਰਜੰਟ ਸਿੰਘ ਕੋਕਰੀ ਨੇ ਵੀ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਕੋਲ ਸਿਰਫ਼ ਝੂਠ ਮਾਰਨ ਤੋਂ ਬਿਨਾਂ ਕੋਈ ਕੰਮ ਨਹੀਂ ਹੈ | ਇਹ ਕੰਮ ਘੱਟ ਪਰ ਇਸ਼ਤਿਹਾਰਬਾਜ਼ੀ ਵੱਧ ਕਰਦੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜਮੇਰ ਸਿੰਘ ਅਖਾੜਾ, ਭੁਪਿੰਦਰ ਸਿੰਘ ਸੇਖੋਂ, ਬੂਟਾ ਸਿੰਘ ਭੱਟੀ, ਜਗਪਾਲ ਸਿੰਘ, ਗੁਰਮੇਲ ਸਿੰਘ ਨਾਹਰ, ਗੁਰਨਾਮ ਸਿੰਘ, ਰਾਜਵੀਰ ਸਿੰਘ, ਸਤਪਾਲ ਭਿੰਡਰ ਆਦਿ ਵੀ ਹਾਜ਼ਰ ਸਨ