ਮੋਗਾ, 6 ਮਈ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੋਗਾ ਵਿਚ ਐਚ.ਆਈ.ਵੀ./ਏਡਜ਼ ਸਬੰਧੀ ਜਾਗਰੂਕਤਾ ਅਤੇ ਕੰਟਰੋਲ ਲਈ ਅੱਜ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵਲੋਂ ਮਹੱਤਵਪੂਰਨ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਵਲੋਂ ਨਿਰਧਾਰਿਤ 95-95-99 ਟਾਰਗੈਟਾਂ ਨੂੰ ਪ੍ਰਾਪਤ ਕਰਨ ਲਈ ਜ਼ਿਲ੍ਹਾ ਪੱਧਰ 'ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਸਮੀਖਿਆ ਕੀਤੀ ਗਈ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਇਹ ਟਾਰਗੈਟ ਐਚ.ਆਈ.ਵੀ. ਨੂੰ ਕੰਟਰੋਲ ਕਰਨ ਵੱਲ ਇਕ ਮਹੱਤਵਪੂਰਨ ਕਦਮ ਹਨ | ਉਨ੍ਹਾਂ ਸਮਝਾਇਆ ਕਿ ਪਹਿਲੇ 95 ਦਾ ਮਤਲਬ ਹੈ ਕਿ ਐਚ.ਆਈ.ਵੀ. ਨਾਲ ਸੰਕਰਮਿਤ 95 ਫ਼ੀਸਦੀ ਲੋਕਾਂ ਨੂੰ ਆਪਣੇ ਸਟੇਟਸ ਬਾਰੇ ਜਾਣਕਾਰੀ ਹੋਵੇ | ਦੂਜੇ 95 ਅਨੁਸਾਰ ਜਿਨ੍ਹਾਂ ਨੂੰ ਆਪਣੇ ਪਾਜ਼ਟਿਵ ਹੋਣ ਦਾ ਪਤਾ ਹੈ, ਉਨ੍ਹਾਂ ਵਿਚੋਂ 95 ਫ਼ੀਸਦੀ ਲੋਕ ਇਲਾਜ ਲੈ ਰਹੇ ਹੋਣ | ਤੀਜੇ 99 ਦਾ ਟਾਰਗੈਟ ਇਹ ਯਕੀਨੀ ਬਣਾਉਂਦਾ ਹੈ ਕਿ ਇਲਾਜ ਲੈ ਰਹੇ 99 ਫ਼ੀਸਦੀ ਲੋਕਾਂ ਦਾ ਵਾਇਰਲ ਲੋਡ ਕੰਟਰੋਲ ਵਿਚ ਰਹੇ | ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਵੱਧ ਤੋਂ ਵੱਧ ਲੋਕਾਂ ਦੀ ਐਚ.ਆਈ.ਵੀ. ਟੈਸਟਿੰਗ ਯਕੀਨੀ ਬਣਾਈ ਜਾਵੇ ਅਤੇ ਪਾਜ਼ਟਿਵ ਪਾਏ ਜਾਣ ਵਾਲੇ ਹਰ ਵਿਅਕਤੀ ਨੂੰ ਤੁਰੰਤ ਇਲਾਜ ਨਾਲ ਜੋੜਿਆ ਜਾਵੇ | ਇਸ ਤੋਂ ਇਲਾਵਾ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਤੇਜ਼ ਕਰਨ ਅਤੇ ਸਮਾਜ ਵਿਚੋਂ ਐਚ.ਆਈ.ਵੀ. ਸਬੰਧੀ ਭਰਮਾਂ ਨੂੰ ਦੂਰ ਕਰਨ 'ਤੇ ਜ਼ੋਰ ਦਿੱਤਾ ਗਿਆ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਸਬੰਧਿਤ ਵਿਭਾਗ ਮਿਲਜੁਲ ਕੇ ਕੰਮ ਕਰਨ ਤਾਂ ਜੋ ਜ਼ਿਲ੍ਹਾ ਮੋਗਾ ਨੂੰ ਐਚ.ਆਈ.ਵੀ. ਮੁਕਤ ਬਣਾਉਣ ਵੱਲ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕੇ | ਮੀਟਿੰਗ ਵਿਚ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ, ਜ਼ਿਲ੍ਹਾ ਟੀ.ਬੀ. ਅਫ਼ਸਰ ਕਮ ਜ਼ਿਲ੍ਹਾ ਏਡਜ਼ ਕੰਟਰੋਲ ਅਫ਼ਸਰ ਡਾ. ਗੌਰਵਪ੍ਰੀਤ ਸਿੰਘ ਸੋਢੀ, ਕਲੱਸਟਰ ਪ੍ਰੋਗਰਾਮ ਮੈਨੇਜਰ ਅੰਮਿ੍ਤਪਾਲ ਸਿੰਘ, ਜ਼ਿਲ੍ਹਾ ਸਹਿਯੋਗੀ ਨਵਦੀਪ ਸਿੰਘ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਪ੍ਰਤੀਨਿਧੀ ਹਾਜ਼ਰ ਸਨ |