ਕਿਸ਼ਨਪੁਰਾ ਕਲਾਂ, 6 ਮਈ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਇਨਵੈਸਚਰ ਸੈਰਾਮਨੀ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਦੇ ਅਧੀਨ ਸਕੂਲ ਅੰਦਰ ਚੱਲ ਰਹੇ ਹਾਊਸਜ਼ ਦੇ ਅਹੁਦੇਦਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਇਨ੍ਹਾਂ ਵਿਚੋਂ ਹੈੱਡ ਬੁਆਏ ਗੁਰਪ੍ਰੀਤ ਸਿੰਘ ਅਤੇ ਹੈੱਡ ਗਰਲ ਨਵਜੀਤ ਕੌਰ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸ਼ਪਥ ਚੁੱਕੀ | ਇਸ ਦੇ ਨਾਲ ਹੀ ਪਿਛਲੀਆਂ ਜਮਾਤਾਂ ਵਿਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਟਰਾਫ਼ੀਆਂ ਦਿੱਤੀਆਂ ਗਈਆਂ, ਉੱਥੇ ਹੀ ਓਵਰਆਲ ਕਲਾਸਾਂ ਵਿਚੋਂ ਅੱਵਲ ਵਿਦਿਆਰਥੀਆਂ ਨੂੰ ਰਾਸ਼ੀ ਵਜੋਂ ਵਾਊਚਰ ਦੇ ਕੇ ਉਨ੍ਹਾਂ ਦੀ ਕੀਤੀ ਮਿਹਨਤ ਨੂੰ ਬਾਕੀ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਵੀ ਬਣਾਇਆ ਗਿਆ | ਮੁੱਖ ਮਹਿਮਾਨ ਵਜੋਂ ਪਰਮਿੰਦਰ ਸਿੰਘ ਐਸ.ਐਚ.ਓ., ਥਾਣਾ ਸਿਟੀ ਜਗਰਾਉਂ ਅਤੇ ਉਨ੍ਹਾਂ ਦੇ ਨਾਲ ਹੀ ਗੈੱਸਟ ਆਫ਼ ਆਨਰ ਵਜੋਂ ਅਮਰਜੀਤ ਸਿੰਘ ਗਿੱਲ ਐਸ.ਐਚ.ਓ. ਸਿਧਵਾਂ ਬੇਟ ਪਹੁੰਚੇ | ਮੁੱਖ ਮਹਿਮਾਨ ਪਰਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿਣ, ਦੋ-ਪਹੀਆ ਵਾਹਨ ਬਿਨਾਂ ਲਾਇਸੈਂਸ ਦੇ ਨਾ ਚਲਾਉਣ ਅਤੇ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਤੋਂ ਬਚਣ ਬਾਰੇ ਜਾਗਰੂਕ ਕੀਤਾ | ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਅਜਿਹੇ ਅਹੁਦਿਆਂ ਰਾਹੀਂ ਵਿਦਿਆਰਥੀਆਂ ਦੇ ਜੀਵਨ ਵਿਚ ਲੀਡਰਸ਼ਿਪ ਗੁਣ ਪੈਦਾ ਹੁੰਦੇ ਹਨ ਅਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਦੇ ਸਮਰੱਥ ਬਣਦੇ ਹਨ | ਬੱਚਿਆਂ ਵਿਚ ਅਜਿਹੇ ਗੁਣਾਂ ਨੂੰ ਭਰਨਾ ਸਮਾਜ ਨੂੰ ਇਕ ਚੰਗੀ ਸੇਧ ਦੇਣ ਦੇ ਬਰਾਬਰ ਹੁੰਦਾ ਹੈ | ਇਨ੍ਹਾਂ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਦੇ ਤਹਿਤ ਹੀ ਵਿਦਿਆਰਥੀ ਉੱਚ ਮੰਜ਼ਿਲਾਂ ਤੱਕ ਪਹੁੰਚਣਾ ਸਿੱਖਣਗੇ ਅਤੇ ਆਉਣ ਵਾਲੇ ਭਵਿੱਖ ਲਈ ਇਕ ਜ਼ਿੰਮੇਵਾਰ ਨਾਗਰਿਕ ਬਣ ਸਕਣਗੇ | ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਕੌਂਸਲ ਮੈਂਬਰਾਂ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ |