ਨਿਹਾਲ ਸਿੰਘ ਵਾਲਾ, 6 ਮਈ (ਸੁਖਦੇਵ ਸਿੰਘ ਖ਼ਾਲਸਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ 2025-26 ਦੀ ਪ੍ਰੀਖਿਆ 'ਚ ਸਰਕਾਰੀ ਕੰਨਿਆ ਹਾਈ ਸਕੂਲ ਪੱਤੋ ਹੀਰਾ ਸਿੰਘ ਦੀ ਹੋਣਹਾਰ ਵਿਦਿਆਰਥਣ ਅਵਨੀਤ ਕੌਰ ਸਪੁੱਤਰੀ ਬਲਦੇਵ ਸਿੰਘ ਨੇ ਮੈਰਿਟ ਪੁਜ਼ੀਸ਼ਨ ਹਾਸਲ ਕਰਕੇ ਸਕੂਲ ਦਾ ਨਾਂਅ ਚਮਕਾਇਆ | ਜ਼ਿਕਰਯੋਗ ਹੈ ਕਿ ਇਸ ਵਿਦਿਆਰਥਣ ਨੇ ਜਮਾਤ ਅੱਠਵੀਂ 'ਚੋਂ 89.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲੇ ਪੁਜ਼ੀਸ਼ਨ ਹਾਸਲ ਕੀਤੀ ਹੈ ਅਤੇ ਇਸ ਤੋਂ ਇਲਾਵਾ ਇਹ ਵਿਦਿਆਰਥਣ ਵੱਖ-ਵੱਖ ਮੁਕਾਬਲਿਆਂ 'ਚ ਵੱਧ ਚੜ ਕੇ ਹਿੱਸਾ ਲੈਂਦੀ ਹੈ | ਇਸ ਵਿਦਿਆਰਥਣ ਨੇ ਭਾਸ਼ਾ ਵਿਭਾਗ ਵਲੋਂ ਕਰਵਾਏ ਗਏ ਕੁਇਜ਼ ਮੁਕਾਬਲਿਆਂ 'ਚ ਰਾਜ ਪੱਧਰ 'ਤੇ ਭਾਗ ਲਿਆ | ਵਿਦਿਆਰਥਣ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਸਕੂਲ ਮੁਖੀ ਪ੍ਰਮੋਦ ਗੁਪਤਾ ਅਤੇ ਸਮੂਹ ਸਟਾਫ ਦੁਆਰਾ ਵਿਦਿਆਰਥਣ ਨੂੰ ਵਧਾਈਆਂ ਦਿੱਤੀਆਂ ਅਤੇ ਉਸ ਨੂੰ ਭਵਿੱਖ 'ਚ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ |