ਬੱਧਨੀ ਕਲਾਂ, 9 ਮਈ (ਸੰਜੀਵ ਕੋਛੜ)-ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਭੁੱਲਰ (ਪੰਮਾ ਬੁੱਟਰ) ਨੇ ਦਫਤਰ ਬੱਧਨੀ ਕਲਾਂ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਤੇ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਮੰਡੀਆਂ 'ਚ ਕਣਕ ਦੀ ਖਰੀਦ ਸੰਬੰਧੀ ਵਧੀਆ ਪ੍ਰਬੰਧਾਂ ਅਤੇ ਸੀਜ਼ਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਲੈ ਕੇ ਸਹਿਯੋਗ ਦੇਣ ਲਈ ਸਮੁੱਚੇ ਕਿਸਾਨਾਂ, ਆੜ੍ਹਤੀਆਂ, ਕਰਮਚਾਰੀਆਂ, ਅਧਿਕਾਰੀਆਂ, ਲੇਬਰ ਯੂਨੀਅਨਾਂ, ਸਮੁੱਚੇ ਸਟਾਫ ਅਤੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਹੁਣ ਤੱਕ 5 ਲੱਖ 53 ਹਜ਼ਾਰ 537 ਕੁਇੰਟਲ ਕਣਕ ਦੀ ਖਰੀਦ ਪੂਰੇ ਸੁਚੱਜੇ ਢੰਗ ਨਾਲ ਹੋ ਚੁੱਕੀ ਹੈ ਜਿਸ ਦੀ ਚੁਕਾਈ ਵੀ ਤਕਰੀਬਨ ਹੋ ਚੱੁਕੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਿਸਾਨ ਪੱਖੀ ਸੋਚ ਹੋਣ ਸਦਕਾ ਕਿਸਾਨਾਂ ਨੂੰ ਸਮੇਂ ਸਿਰ ਆਪਣੀ ਫਸਲ ਵੇਚ ਕੇ ਮੰਡੀਆਂ 'ਚ ਵਧੇਰੇ ਖੁਸ਼ੀ ਦਾ ਅਹਿਸਾਸ ਹੋਇਆ ਹੈ, ਪਹਿਲਾਂ ਜਿੰਨੀਆਂ ਵੀ ਸਰਕਾਰਾਂ ਨੇ ਸੂਬੇ 'ਚ ਰਾਜ ਕੀਤਾ ਉਹ ਕਿਸਾਨਾਂ ਨੂੰ ਅਜਿਹੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ 'ਚ ਅਸਫਲ ਰਹੀਆਂ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਹੈ | ਇਸ ਸਮੇਂ ਸਕੱਤਰ ਜਸਪ੍ਰੀਤ ਸਿੰਘ ਭੰਗੂ ਨੇ ਵੀ ਸਮੁੱਚੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਡੀਆਂ 'ਚ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆਂ 'ਚ ਹੋਰ ਸੁਧਾਰ ਲਈ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਸਰਕਾਰ ਨੂੰ ਜਾਣੰੂ ਕਰਵਾਉਂਦਿਆਂ ਉਸ ਦਾ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਅੰਮਿ੍ਤਾ ਸਿੰਘ ਲੇਖਾਕਾਰ, ਜਗਰਾਜ ਸਿੰਘ ਮੰਡੀ ਸੁਪਰਵਾਈਜਰ, ਨਿਰਭੈ ਸਿੰਘ ਮੰਡੀ ਸੁਪਰਵਾਈਜ਼ਰ, ਮਨਜੀਤ ਸਿੰਘ ਕਲਰਕ, ਵਿਜੇ ਕੁਮਾਰ, ਹਰਜੀਤ ਸਿੰਘ, ਲਖਵਿੰਦਰ ਸਿੰਘ ਸਮੇਤ ਹੋਰ ਵੀ ਸਟਾਫ਼ ਮੈਂਬਰ ਹਾਜ਼ਰ ਸਨ |