ਮੋਗਾ, 14 ਮਈ (ਗੁਰਤੇਜ ਸਿੰਘ ਬੱਬੀ)-ਅੱਜ ਮਾਣਯੋਗ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਮੋਗਾ ਦੀ ਅਦਾਲਤ ਨੇ ਪਰਸ ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਨੂੰ ਪੁਲਿਸ ਵਲੋਂ ਜੁਟਾਏ ਸਬੂਤਾਂ ਦੀ ਘਾਟ ਅਤੇ ਬਚਾਅ ਪੱਖ ਦੇ ਵਕੀਲ ਡੇਵਿਡ ਅਗਰਵਾਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਰੀ ਕਰ ਦਿੱਤਾ | ਜਾਣਕਾਰੀ ਮੁਤਾਬਿਕ ਫ਼ਰੀਦਕੋਟ ਵਾਸੀ ਬੀਰਦਵਿੰਦਰ ਕੌਰ ਪਤਨੀ ਸ਼ਮਸ਼ੇਰ ਸਿੰਘ ਨੇ ਥਾਣਾ ਬਾਘਾ ਪੁਰਾਣਾ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਬਾਘਾ ਪੁਰਾਣਾ ਆਈ ਸੀ ਤੇ ਦੋ ਅਣਪਛਾਤੇ ਵਿਅਕਤੀ ਉਸ ਦਾ ਪਰਸ ਖੋਹ ਕੇ ਭੱਜ ਗਏ ਜਿਸ ਵਿਚ ਤਿੰਨ ਹਜ਼ਾਰ ਰੁਪਏ, 215 ਕੈਨੇਡੀਅਨ ਡਾਲਰ, ਅਧਾਰ ਕਾਰਡ, ਦੋ ਮੋਬਾਈਲ ਤੇ ਏ.ਟੀ.ਐਮ. ਸੀ | ਪੁਲਿਸ ਨੇ ਇਸ ਮਾਮਲੇ ਵਿਚ ਜਰਨੈਲ ਸਿੰਘ ਉਰਫ਼ ਬਿੱਟੂ, ਸੁਖਜਿੰਦਰ ਸਿੰਘ ਉਰਫ਼ ਨੰਨੂ ਵਾਸੀ ਮਾੜੀ ਮੁਸਤਫ਼ਾ ਨੂੰ ਨਾਮਜ਼ਦ ਕੀਤਾ ਸੀ ਅਤੇ ਅੱਜ ਮਾਣਯੋਗ ਅਦਾਲਤ ਨੇ ਜਰਨੈਲ ਸਿੰਘ ਉਰਫ਼ ਬਿੱਟੂ ਨੂੰ ਬਰੀ ਕਰ ਦਿੱਤਾ ਜਦ ਕਿ ਸੁਖਜਿੰਦਰ ਸਿੰਘ ਉਰਫ਼ ਨੰਨੂ ਇਸ ਮਾਮਲੇ ਵਿਚ ਭਗੌੜਾ ਕਰਾਰ ਦਿੱਤਾ ਗਿਆ ਹੈ |