ਮੋਗਾ, 16 ਮਈ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਜ਼ਦੀਕ ਨਹਿਰ ਵਾਲੀ ਜ਼ੀਰਾ ਰੋਡ ਮੋਗਾ 'ਤੇ ਝੁੱਗੀਆਂ ਝੋਂਪੜੀਆਂ 'ਚ ਰਹਿਣ ਵਾਲੇ ਬਜ਼ੁਰਗ, ਔਰਤਾਂ, ਬੱਚਿਆਂ ਨੂੰ ਚੱਲ ਰਹੇ ਗਰਮੀ ਦੇ ਪ੍ਰਕੋਪ ਵਿਚ ਵੀ ਨਗਰ ਨਿਗਮ ਮੋਗਾ ਵਲੋਂ ਪਾਣੀ ਦੀ ਸਪਲਾਈ ਨਿਰੰਤਰ ਜਾਰੀ ਨਾ ਮਿਲਣ ਕਰਕੇ ਕਠਿਨਾਈ ਦਾ ਸਾਹਮਣਾ ਕਰ ਰਹੇ ਹਨ | ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਨੇ ਮਾਲਵਾ ਦੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਹੇਠ ਰੋਸ ਜ਼ਾਹਿਰ ਕੀਤਾ ਤੇ ਮੰਗ ਕੀਤੀ ਕਿ ਨਗਰ ਨਿਗਮ ਮੋਗਾ ਪਾਣੀ ਦੇ ਟੈਂਕਰ ਵੱਧ ਤੋਂ ਵੱਧ ਭੇਜੇ ਤਾਂ ਜੋ ਪੀਣ ਵਾਲਾ ਪਾਣੀ ਲੋੜ ਮੁਤਾਬਕ ਮਿਲ ਸਕੇ | ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਜੇਕਰ ਝੁੱਗੀ ਝੌਂਪੜੀ ਵਾਲਿਆਂ ਨੂੰ ਪਾਣੀ ਨਾ ਮਿਲਿਆ ਤਾਂ ਰੋਸ ਵਜੋਂ ਨਗਰ ਨਿਗਮ ਮੋਗਾ ਦਫਤਰ ਦਾ ਘਿਰਾਓ ਵੀ ਕੀਤਾ ਜਾਵੇਗਾ | ਝੁੱਗੀ ਝੌਂਪੜੀ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਵਿਜੇ ਧੀਰ ਐਡਵੋਕੇਟ ਨਾਲ ਐਲ.ਪੀ.ਜੀ. ਗੈਸ ਸਪਲਾਈ ਵਰਕਰ ਯੂਨੀਅਨ ਦੇ ਪ੍ਰਧਾਨ ਰਾਮ ਬਚਨ ਰਾਏ, ਈ ਰਿਕਸ਼ਾ ਯੂਨੀਅਨ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਮੇ ਵਾਲਾ, ਜਨਰਲ ਸਕੱਤਰ ਮੇਜਰ ਸਿੰਘ ਵੀ ਹਾਜ਼ਰ ਸਨ |