ਮੋਗਾ, 16 ਮਈ (ਗੁਰਤੇਜ ਸਿੰਘ ਬੱਬੀ)-ਨਵ-ਨਿਯੁਕਤ ਸਿਵਲ ਸਰਜਨ ਡਾ. ਅਸ਼ੋਕ ਸਿੰਗਲਾ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਤਾਇਨਾਤ ਐਮਰਜੈਂਸੀ ਮੈਡੀਕਲ ਅਫ਼ਸਰਾਂ ਵਲੋਂ ਨੋਡਲ ਅਫ਼ਸਰ ਡਾ. ਕੁਲਦੀਪ ਕੁਮਾਰ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਵ-ਨਿਯੁਕਤ ਸਿਵਲ ਸਰਜਨ ਡਾ. ਅਸ਼ੋਕ ਸਿੰਗਲਾ ਨੇ ਸਾਰੇ ਐਮਰਜੈਂਸੀ ਮੈਡੀਕਲ ਅਫ਼ਸਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਬਿਹਤਰ ਢੰਗ ਨਾਲ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ | ਸਿਵਲ ਸਰਜਨ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਜੇਕਰ ਕੋਈ ਪ੍ਰਾਈਵੇਟ ਵਿਅਕਤੀ ਡਿਊਟੀ 'ਤੇ ਮੌਜੂਦ ਕਿਸੇ ਐਮਰਜੈਂਸੀ ਮੈਡੀਕਲ ਅਫ਼ਸਰ ਨੂੰ ਪਰੇਸ਼ਾਨ ਕਰਦਾ ਹੈ, ਤਾਂ ਇਸ ਦੀ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਦਿੱਤੀ ਜਾਵੇ ਤਾਂ ਜੋ ਡਿਊਟੀ ਦੌਰਾਨ ਦਖ਼ਲ ਦੇਣ ਵਾਲੇ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ | ਇਸ ਤੋਂ ਇਲਾਵਾ ਕਿਸੇ ਵੀ ਪ੍ਰਾਈਵੇਟ ਵਿਅਕਤੀ ਨੂੰ ਐਮਰਜੈਂਸੀ ਡਿਊਟੀ ਰੂਮ ਵਿਚ ਬੈਠਣ ਦੀ ਇਜਾਜ਼ਤ ਨਹੀਂ ਹੈ | ਜੇਕਰ ਅਜਿਹਾ ਹੁੰਦਾ ਪਾਇਆ ਜਾਂਦਾ ਹੈ, ਤਾਂ ਉਸ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਦੌਰਾਨ ਮੌਜੂਦ ਨੋਡਲ ਅਫ਼ਸਰ ਡਾ. ਕੁਲਦੀਪ ਕੁਮਾਰ ਨੇ ਸਿਵਲ ਸਰਜਨ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਅਗਵਾਈ ਹੇਠ ਬਿਹਤਰ ਢੰਗ ਨਾਲ ਕੰਮ ਕਰਨਗੇ ਅਤੇ ਐਮਰਜੈਂਸੀ ਅਤੇ ਓ.ਪੀ.ਡੀ. ਵਿਚ ਆਉਣ ਵਾਲੇ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨਗੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਐਮਰਜੈਂਸੀ ਵਿਚ ਪਾਈਆਂ ਗਈਆਂ ਕਮੀਆਂ ਨੂੰ ਪਹਿਲ ਦੇ ਆਧਾਰ 'ਤੇ ਦੂਰ ਕੀਤਾ ਜਾਵੇ, ਤਾਂ ਜੋ ਮਰੀਜ਼ਾਂ ਨੂੰ ਇਲਾਜ ਦੌਰਾਨ ਕੋਈ ਮੁਸ਼ਕਿਲ ਨਾ ਆਵੇ | ਇਸ ਮੌਕੇ ਡਾ. ਏਕਮ ਸਿੰਘ, ਡਾ. ਬਜਰੰਗ, ਡਾ. ਰਮਨਦੀਪ ਕੌਰ, ਡਾ. ਅਰਸ਼ਦੀਪ ਕੌਰ ਅਤੇ ਹੋਰ ਐਮਰਜੈਂਸੀ ਮੈਡੀਕਲ ਅਫ਼ਸਰ ਮੌਜੂਦ ਸਨ |