ਮੋਗਾ, 20 ਮਈ (ਗੁਰਤੇਜ ਸਿੰਘ ਬੱਬੀ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਵਲੋਂ ਦਿੱਤੇ ਗਏ ਦੇਸ਼ ਵਿਆਪੀ ਹੜਤਾਲ ਦੌਰਾਨ ਮੋਗਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਬੈਨਰ ਹੇਠ ਜ਼ਿਲ੍ਹੇ ਦੇ ਲਗ-ਪਗ 800 ਥੋਕ ਅਤੇ ਪਰਚੂਨ ਦਵਾਈਆਂ ਦੀਆਂ ਦੁਕਾਨਾਂ ਬੰਦ ਰਹੀਆਂ | ਜ਼ਿਲ੍ਹੇ ਭਰ ਦੇ ਕੈਮਿਸਟ ਹੜਤਾਲ ਲਈ ਮੋਗਾ ਦੇ ਸਿਵਲ ਹਸਪਤਾਲ ਦੇ ਬਾਹਰ ਇਕੱਠੇ ਹੋਏ, ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਅਤੇ ਪੰਜਾਬ ਸਰਕਾਰ ਵਲੋਂ ਆਪਣੇ ਨਿਯਮਾਂ ਨੂੰ ਬਦਲਣ ਵਿਚ ਅਸਫਲ ਰਹਿਣ 'ਤੇ ਆਪਣਾ ਗ਼ੁੱਸਾ ਜ਼ਾਹਿਰ ਕੀਤਾ | ਹੜਤਾਲ ਦੌਰਾਨ ਮੋਗਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਗਰਗ, ਦੀਪਕ ਕੁਮਾਰ ਦੀਪੂ, ਸਕੱਤਰ ਨਵੀਨ ਸੂਦ ਅਤੇ ਸੰਜੀਵ ਕੁਮਾਰ ਮਿੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਆਨਲਾਈਨ ਯੋਜਨਾ ਨੇ ਉਨ੍ਹਾਂ ਦੇ ਕਾਰੋਬਾਰ ਲਈ ਇਕ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ | ਕੋਵਿਡ-19 ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਨੇ ਆਨਲਾਈਨ ਦਵਾਈਆਂ ਦੀ ਸਪਲਾਈ ਦੀ ਆਗਿਆ ਦੇਣ ਵਾਲਾ ਮਤਾ ਪਾਸ ਕੀਤਾ | ਹਾਲਾਂਕਿ ਕੋਵਿਡ-19 ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ ਇਸ ਮਤੇ ਨੂੰ ਰੱਦ ਨਹੀਂ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੇ ਕਾਰੋਬਾਰ 'ਤੇ ਕਾਫ਼ੀ ਅਸਰ ਪਿਆ | ਉਨ੍ਹਾਂ ਦੱਸਿਆ ਕਿ ਵੱਡੀਆਂ ਕੰਪਨੀਆਂ 40 ਪ੍ਰਤੀਸ਼ਤ ਤੱਕ ਘੱਟ ਕੀਮਤਾਂ 'ਤੇ ਆਨਲਾਈਨ ਦਵਾਈਆਂ ਵੇਚ ਰਹੀਆਂ ਹਨ, ਜਿਸ ਨਾਲ ਸਥਾਨਕ ਮੈਡੀਕਲ ਸਟੋਰਾਂ ਅਤੇ ਦਵਾਈ ਸਪਲਾਇਰਾਂ ਦੇ ਕਾਰੋਬਾਰ 'ਤੇ ਅਸਰ ਪੈ ਰਿਹਾ ਹੈ | ਹੜਤਾਲ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਗਰਗ, ਦੀਪਕ ਕੁਮਾਰ ਦੀਪੂ ਅਤੇ ਸਕੱਤਰ ਨਵੀਨ ਸੂਦ ਨੇ ਕਿਹਾ ਕਿ ਆਨਲਾਈਨ ਕੰਪਨੀਆਂ ਉੱਚ ਕਮਿਸ਼ਨ ਪ੍ਰਾਪਤ ਕਰਦੀਆਂ ਹਨ, ਜਿਸ ਨਾਲ ਛੋਟੇ ਦੁਕਾਨਦਾਰਾਂ 'ਤੇ ਵਿੱਤੀ ਦਬਾਅ ਪੈਂਦਾ ਹੈ | ਇਸ ਤੋਂ ਇਲਾਵਾ ਡਰੱਗ ਵਿਭਾਗ ਦੇ ਦਿਸ਼ਾ-ਨਿਰਦੇਸ਼ ਬਹੁਤ ਸਖ਼ਤ ਹਨ ਅਤੇ ਪਾਬੰਦੀਸ਼ੁਦਾ ਦਵਾਈਆਂ ਆਨਲਾਈਨ ਮਾਰਕੀਟਿੰਗ ਦੀ ਆੜ ਵਿਚ ਆਨਲਾਈਨ ਸਪਲਾਈ ਕੀਤੀਆਂ ਜਾ ਰਹੀਆਂ ਹਨ | ਹਾਲਾਂਕਿ ਉਨ੍ਹਾਂ ਨੂੰ ਆਨਲਾਈਨ ਸਪਲਾਈ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ | ਜੇਕਰ ਕੋਈ ਸਥਾਨਕ ਕੈਮਿਸਟ ਪਾਬੰਦੀਸ਼ੁਦਾ ਦਵਾਈ ਵੇਚਦਾ ਹੈ, ਤਾਂ ਡਰੱਗ ਵਿਭਾਗ ਉਨ੍ਹਾਂ ਵਿਰੁੱਧ ਕਾਰਵਾਈ ਕਰਦਾ ਹੈ | ਦਵਾਈਆਂ ਦੀਆਂ ਦੁਕਾਨਾਂ ਬੰਦ ਹੋਣ ਕਰ ਕੇ ਦਵਾਈ ਲੈਣ ਲਈ ਲੋਕ ਖ਼ੱਜਲ-ਖ਼ੁਆਰ ਹੁੰਦੇ ਵੇਖੇ ਗਏ ਤੇ ਬੰਦ ਪਈਆਂ ਦੁਕਾਨਾਂ ਦੇ ਬਾਹਰ ਲੋਕ ਭੀੜ ਦੇ ਰੂਪ ਵਿਚ ਵੇਖੇ ਗਏ |
ਬੱਧਨੀ ਕਲਾਂ 'ਚ ਦਵਾਈਆਂ ਦੀਆਂ ਦੁਕਾਨਾਂ ਬੰਦ
ਬੱਧਨੀ ਕਲਾਂ, (ਸੰਜੀਵ ਕੋਛੜ)-ਆਨਲਾਈਨ ਫਾਰਮਾਸਿਊਟੀਕਲ ਕੰਪਨੀਆਂ ਵਲੋਂ ਦਵਾਈ ਦੀ ਕੀਤੀ ਜਾ ਰਹੀ ਵਿੱਕਰੀ ਅਤੇ ਦਵਾਈ ਵਿਕਰੇਤਾ ਵਲੋਂ ਰੱਖੀਆਂ ਗਈਆਂ ਮੰਗਾਂ ਤਹਿਤ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਸੂਬੇ ਭਰ 'ਚ ਹੜਤਾਲ ਦੀ ਦਿੱਤੀ ਗਈ ਕਾਲ ਤਹਿਤ ਸਥਾਨਕ ਕਸਬਾ ਬੱਧਨੀ ਕਲਾਂ ਵਿਖੇ ਵੀ ਦਵਾਈਆਂ ਦੀ ਦੁਕਾਨਾਂ ਪੂਰਨ ਰੂਪ 'ਚ ਬੰਦ ਰਹੀਆਂ, ਇਸ ਸਮੇਂ ਦਵਾਈ ਲੈਣ ਆਏ ਮਰੀਜ਼ਾਂ ਨੂੰ ਦੁਕਾਨਾਂ ਦੇ ਛਟਰ ਬੰਦ ਪਏ ਦੇਖ ਕੇ ਖਾਲੀ ਹੱਥ ਵਾਪਸ ਮੁੜਨਾ ਪਿਆ |
ਫ਼ਤਿਹਗੜ੍ਹ ਪੰਜਤੂਰ 'ਚ ਦਵਾਈਆਂ ਵਾਲੀਆਂ ਦੁਕਾਨਾਂ ਬੰਦ
ਫ਼ਤਿਹਗੜ੍ਹ ਪੰਜਤੂਰ, (ਜਸਵਿੰਦਰ ਸਿੰਘ ਪੋਪਲੀ)-ਆਲ ਇੰਡੀਆ ਆਰਗਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਗਿਸਟ ਵਲੋਂ 20 ਮਈ ਨੂੰ ਕੀਤੀ ਗਈ ਦੇਸ਼-ਵਿਆਪੀ ਹੜਤਾਲ ਤਹਿਤ ਜ਼ਿਲ੍ਹਾ ਮੋਗਾ ਦੇ ਕਸਬਾ ਫ਼ਤਿਹਗੜ੍ਹ ਪੰਜਤੂਰ ਵਿਚ ਅੱਜ ਦਵਾਈਆਂ ਵਾਲੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ | ਇਸ ਸਬੰਧੀ ਕੈਮਿਸਟ ਯੂਨੀਅਨ ਦੇ ਪ੍ਰਧਾਨ ਡਾ. ਲਸਮਣ ਸਿੰਘ ਢੋਟ, ਖ਼ਜ਼ਾਨਚੀ ਡਾ. ਨਿਰਮਲ ਸਿੰਘ ਬੌਬੀ ਦੀ ਅਗਵਾਈ ਹੇਠ ਅਹੁਦੇਦਾਰਾਂ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ ਦੌਰਾਨ ਮੈਡੀਕਲ ਸਟੋਰ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਦਵਾਈ ਵਿਕਰੇਤਾ ਆਮ ਮਰੀਜ਼ਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ, ਪਰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਨਕਾਰਾਤਮਿਕ ਰਵੱਈਏ ਕਾਰਨ ਉਹ ਹੜਤਾਲ ਲਈ ਮਜਬੂਰ ਹੋਏ ਹਨ | ਇਸ ਮੌਕੇ ਪ੍ਰਧਾਨ ਲਸ਼ਮਣ ਸਿੰਘ ਢੋਟ, ਖ਼ਜ਼ਾਨਚੀ ਨਿਰਮਲ ਸਿੰਘ ਬੌਬੀ, ਕੰਬੋਜ ਮੈਡੀਕਲ, ਸੰਧੂ ਮੈਡੀਕਲ, ਵਿਰਕ ਮੈਡੀਕਲ, ਸਕੱਤਰ ਬਲਵਿੰਦਰ ਸਿੰਘ ਵਿਰਕ, ਪਰਮਜੀਤ ਸਿੰਘ ਪੰਮਾ, ਸਤਿੰਦਰ ਮੋਹਨ ਸਿੰਘ, ਸਾਮਾ ਮੈਡੀਕਲ,ਅਮਰੀਕ ਸਿੰਘ ਸਾਮਾ, ਦੀਪ ਮੈਡੀਕਲ, ਫਰੈਂਡਜ਼ ਮੈਡੀਕਲ, ਥਿੰਦ ਮੈਡੀਕਲ, ਗੁਰੂ ਰਾਮਦਾਸ ਮੈਡੀਕਲ, ਸੁਖਵਿੰਦਰ ਸਿੰਘ ਸੁੱਖਾ, ਹਰਮਨਦੀਪ ਸਿੰਘ,ਰਿੰਕੂ, ਸੋਨੰੂ, ਡਾ. ਰਸ਼ਪਾਲ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |
ਕਿਸ਼ਨਪੁਰਾ ਕਲਾਂ ਦੇ ਮੈਡੀਕਲ ਸਟੋਰ ਰਹੇ ਬੰਦ
ਕਿਸ਼ਨਪੁਰਾ ਕਲਾਂ, (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਅੱਜ ਕਿਸ਼ਨਪੁਰਾ ਕਲਾਂ ਵਿਖੇ ਮੈਡੀਕਲ ਪੂਰਨ ਤੌਰ ਤੇ ਬੰਦ ਰਹੇ | ਕਿਸ਼ਨਪੁਰਾ ਕਲਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਔਲਖ ਕਿਸ਼ਨਪੁਰਾ ਕਲਾਂ, ਚੱਕ ਤਾਰੇ ਵਾਲਾ, ਇੰਦਰਗੜ੍ਹ, ਭਿੰਡਰਾਂ, ਦਾਇਆ ਕਲਾਂ, ਆਦਿ ਪਿੰਡਾਂ ਦੇ ਮੈਡੀਕਲ ਪੂਰਨ ਤੌਰ 'ਤੇ ਬੰਦ ਰਹੇ | ਪ੍ਰਧਾਨ ਡਾ. ਹਰਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੰਜਾਬ ਭਰ ਦੇ ਮੈਡੀਕਲ ਸਟੋਰ ਮਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਜੋਂ ਇਹ ਫ਼ੈਸਲਾ ਲਿਆ ਗਿਆ ਸੀ | ਇਸ ਮੌਕੇ ਵੱਖ-ਵੱਖ ਮੈਡੀਕਲਾ ਦੇ ਮਾਲਕ ਨੇ ਵੀ ਪੂਰਾ ਸਾਥ ਦਿੱਤਾ |
ਆਨਲਾਈਨ ਵਿੱਕਰੀ ਨੂੰ ਲੈ ਕੇ ਜ਼ਿਲ੍ਹੇ ਭਰ ਵਿਚ ਦਵਾਈਆਂ ਦੀਆਂ ਦੁਕਾਨਾਂ ਬੰਦ ਕਰ ਕੇ ਦੁਕਾਨਦਾਰਾਂ ਕੀਤਾ ਰੋਸ ਪ੍ਰਦਰਸ਼ਨ
ਅਜੀਤ ਡੈਸਕ
21-05-2026