ਮੋਗਾ, 21 ਮਈ (ਗੁਰਤੇਜ ਸਿੰਘ ਬੱਬੀ)-ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਲੰਗਰ ਸਾਹਿਬ ਨਾਂਦੇੜ ਵਾਲਿਆਂ ਦੀ ਰਹਿਨੁਮਾਈ ਹੇਠ ਚੱਲਦੇ ਗੁਰਦੁਆਰਾ ਕਲਗ਼ੀਧਰ ਸਾਹਿਬ ਦਸਮੇਸ਼ ਨਗਰ ਮੋਗਾ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਕਰਨੈਲ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹਰਮੇਲ ਸਿੰਘ ਜੋ ਬਚਪਨ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਰਹਿੰਦਾ ਸੀ, ਨੂੰ ਗੁਰਦੁਆਰਾ ਸਾਹਿਬ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਸੇਵਾ ਨਾ ਦਿੱਤੀ ਜਾਵੇ ਕਿਉਂਕਿ ਹਰਮੇਲ ਸਿੰਘ ਨੂੰ ਪਿਛਲੇ ਕੁਝ ਸਮੇਂ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਹਟਾ ਦਿੱਤਾ ਗਿਆ ਹੈ | ਬਾਬਾ ਕਰਨੈਲ ਸਿੰਘ ਨੇ ਦੱਸਿਆ ਕਿ ਹਰਮੇਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਨੱਥੂਵਾਲਾ ਜਦੀਦ ਨੂੰ ਬਚਪਨ ਤੋਂ ਹੀ ਇਸ ਦੇ ਮਾਤਾ-ਪਿਤਾ ਨੇ ਗੁਰਦੁਆਰਾ ਸਾਹਿਬ ਭੇਜ ਦਿੱਤਾ ਸੀ ਜਿੱਥੇ ਉਸ ਨੂੰ ਗੁਰਦੁਆਰਾ ਸਾਹਿਬ ਵਲੋਂ ਪੜ੍ਹਾਈ ਕਰਵਾਈ ਗਈ ਤੇ ਨਾਲ ਨਾਲ ਗੁਰਮਤਿ ਦੀ ਸੰਥਿਆ ਦਿਵਾਈ ਸੀ ਪਰ ਹੁਣ ਇਲਾਕੇ ਦੀਆਂ ਸੰਗਤਾਂ ਵਲੋਂ ਹਰਮੇਲ ਸਿੰਘ ਦੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਉਹ ਗ਼ਲਤ ਸੰਗਤ ਦਾ ਸ਼ਿਕਾਰ ਹੋ ਗਿਆ ਹੈ ਤੇ ਉਹ ਕੋਈ ਨਸ਼ੀਲਾ ਪਦਾਰਥ ਖਾਣ ਦਾ ਆਦੀ ਹੋ ਗਿਆ ਹੈ ਜਿਸ ਨੂੰ ਦੇਖਦੇ ਹੋਏ ਅਸੀਂ ਹਰਮੇਲ ਸਿੰਘ ਨੂੰ 2 ਫਰਵਰੀ 2026 ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਬਾਬਾ ਨਰਿੰਦਰ ਸਿੰਘ ਕੋਲ ਭੇਜ ਦਿੱਤਾ ਸੀ ਪਰ ਹਰਮੇਲ ਸਿੰਘ 5 ਦਿਨਾਂ ਬਾਅਦ ਹੀ 6 ਫਰਵਰੀ ਨੂੰ ਹੀ ਵਾਪਸ ਆ ਗਿਆ ਤੇ ਆਪਣੇ ਘਰ ਨੱਥੂਵਾਲਾ ਜਦੀਦ ਵਿਖੇ ਚਲਾ ਗਿਆ | ਹੁਣ ਸਾਨੂੰ ਪਤਾ ਲੱਗਿਆ ਹੈ ਕਿ ਉਹ ਗੁਰਦੁਆਰਾ ਸਾਹਿਬ ਦੇ ਨਾਂਅ 'ਤੇ ਕਣਕ ਅਤੇ ਹੋਰ ਸਮਗਰੀ ਇਕੱਠੀ ਕਰ ਰਿਹਾ ਹੈ ਪਰ ਸਾਡੀ ਸੰਪਰਦਾਇ ਕਾਰਸੇਵਾ ਸ੍ਰੀ ਹਜ਼ੂਰ ਸਾਹਿਬ ਦਾ ਉਸ ਨਾਲ ਕੋਈ ਸਬੰਧ ਨਹੀਂ ਹੈ, ਇਸ ਕਰ ਕੇ ਸੰਗਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਸੇਵਾ ਨਾ ਦੇਣ |