ਨਿਹਾਲ ਸਿੰਘ ਵਾਲਾ, 21 ਮਈ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਬੀਤੀ ਰਾਤ ਨਿਹਾਲ ਸਿੰਘ ਵਾਲਾ ਦੀ ਨਵੀਂ ਦਾਣਾ ਮੰਡੀ 'ਚ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ 15 ਦੇ ਕਰੀਬ ਅਣਪਛਾਤੇ ਨੌਜਵਾਨਾਂ ਵਲੋਂ ਸਬਜ਼ੀ ਵਿਕਰੇਤਾ ਦੀਆਂ ਦੁਕਾਨਾਂ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਉੱਪਰ ਮਾਰੂ ਹਥਿਆਰਾਂ ਨਾਲ ਜਾਨ-ਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸੋਸ਼ਲ ਮੀਡੀਆ 'ਤੇ ਚੱਲ ਰਹੀ ਉਕਤ ਘਟਨਾ ਦੀ ਵੀਡੀਓ ਤੋਂ ਜਿੱਥੇ ਸਬਜ਼ੀ ਵਿਕਰੇਤਾ ਡਰ ਦੇ ਮਾਹੌਲ 'ਚ ਹਨ ਉੱਥੇ ਸ਼ਹਿਰ ਵਾਸੀਆਂ 'ਚ ਖ਼ੌਫ਼ ਦਾ ਮਾਹੌਲ ਬਣਿਆ ਹੋਇਆ ਹੈ | ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਬਜ਼ੀ ਵਿਕਰੇਤਾ ਵਿੱਕੀ ਨੇ ਦੱਸਿਆ ਕਿ ਰਾਤ 11 ਵਜੇ ਦੇ ਕਰੀਬ ਉਨ੍ਹਾਂ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਫ਼ੋਨ ਆਇਆ ਕਿ ਉਨ੍ਹਾਂ ਉੱਪਰ ਅਣਪਛਾਤੇ ਵਿਅਕਤੀਆਂ ਵਲੋਂ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅਸੀਂ ਤੁਰੰਤ ਕੁਝ ਵਿਅਕਤੀ ਨੂੰ ਨਾਲ ਲੈ ਕੇ ਦਾਣਾ ਮੰਡੀ 'ਚ ਪੁੱਜੇ ਅਤੇ ਉਕਤ ਹਮਲਾਵਰਾਂ ਨੂੰ ਉੱਥੋਂ ਭਜਾਇਆ ਜੋ ਕਿ ਪੰਜ ਮੋਟਰਸਾਈਕਲਾਂ 'ਤੇ ਮਾਰੂ ਹਥਿਆਰਾਂ ਨਾਲ ਸਵਾਰ ਸਨ ਅਤੇ ਜਿਨ੍ਹਾਂ 'ਚੋਂ ਕੁਝ ਪਿੰਡ ਰਣਸੀਂਹ ਕਲਾਂ ਵੱਲ ਅਤੇ ਕੁਝ ਪਿੰਡ ਪੱਤੋ ਹੀਰਾ ਸਿੰਘ ਵੱਲ ਮੋਟਰਸਾਈਕਲ ਭਜਾ ਕੇ ਲੈ ਗਏ | ਉਨ੍ਹਾਂ ਦੱਸਿਆ ਕਿ ਇਸ ਹੋਏ ਹਮਲੇ ਦੌਰਾਨ ਉਨ੍ਹਾਂ ਦੇ ਜ਼ਿਆਦਾ ਜ਼ਖ਼ਮੀ ਮਜ਼ਦੂਰ ਅਨੂਪ, ਬਲਰਾਮ ਅਤੇ ਬਿੱਟੂ ਨੂੰ ਮੋਗਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਇਸ ਸਾਰੀ ਘਟਨਾ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਇਤਲਾਹ ਕਰ ਦਿੱਤੀ ਗਈ ਹੈ ਅਤੇ ਪੁਲਿਸ ਵਲੋਂ ਜਿੱਥੇ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਉੱਥੇ ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ਼ ਲੈ ਕੇ ਹਮਲਾ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦੀ ਪਹਿਚਾਣ ਕਰ ਕੇ ਕਾਬੂ ਕਰਨ 'ਚ ਜੁੱਟ ਗਈ ਹੈ | ਇਸ ਘਟਨਾ ਦੇ ਰੋਸ ਵਜੋਂ ਸਮੂਹ ਸਬਜ਼ੀ ਵਿਕਰੇਤਾ ਵਲੋਂ ਪੁਰਾਣੀ ਦਾਣਾ ਮੰਡੀ ਅਤੇ ਨਵੀਂ ਦਾਣਾ ਮੰਡੀ ਦੀਆਂ ਸਬਜ਼ੀ ਦੀਆਂ ਦੁਕਾਨਾਂ ਬੰਦ ਰੱਖਦਿਆਂ ਕਥਿਤ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ |