ਬਾਘਾ ਪੁਰਾਣਾ, 21 ਮਈ (ਗੁਰਮੀਤ ਸਿੰਘ ਮਾਣੂੰਕੇ)-ਪੰਜਾਬ ਪੱਧਰ 'ਤੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਘਾ ਪੁਰਾਣਾ ਸ਼ਹਿਰ ਅੰਦਰ ਸਫ਼ਾਈ ਕਰਮਚਾਰੀਆਂ ਵਲੋਂ ਪਿਛਲੇ 17 ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਹੜਤਾਲ ਲਗਾਤਾਰ ਜਾਰੀ ਹੈ | ਇਸ ਮੌਕੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ, ਵਾਈਸ ਪ੍ਰਧਾਨ ਭਾਗ ਮੱਲ, ਸੈਕਟਰੀ ਸੁਰਿੰਦਰਪਾਲ ਨੇ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਵਲੋਂ ਲਗਾਤਾਰ ਹੜਤਾਲ ਕੀਤੀ ਹੋਈ ਹੈ, ਪਰ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਤਿਆਰ ਨਹੀ ਹੈ ਜਿਸ ਦੇ ਰੋਸ ਵਜੋਂ ਬਾਘਾ ਪੁਰਾਣਾ ਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਵਲੋਂ ਸੁੱਤੀ ਸਰਕਾਰ ਨੂੰ ਜਗਾਉਣ ਲਈ ਬਾਘਾ ਪੁਰਾਣਾ ਦੇ ਮੇਨ ਚੌਂਕ 'ਚ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਸਫ਼ਾਈ ਕਰਮਚਾਰੀ ਯੂਨੀਅਨ ਬਾਘਾ ਪੁਰਾਣਾ ਦੇ ਪ੍ਰਧਾਨ ਅਤੇ ਹੋਰ ਯੂਨੀਅਨ ਮੈਂਬਰਾਂ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਵੱਧ ਰਹੀ ਮਹਿੰਗਾਈ ਕਾਰਨ ਸਰਕਾਰ ਵਲੋਂ ਦਿੱਤੀ ਜਾਂਦੀ ਨਾ ਮਾਤਰ ਤਨਖ਼ਾਹ ਕਾਰਨ ਉਨ੍ਹਾਂ ਦੇ ਘਰਾਂ ਦੇ ਚੁਲੇ ਨਹੀ ਚੱਲਦੇ ਅਤੇ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ 'ਚ ਬਾਘਾ ਪੁਰਾਣਾ ਸ਼ਹਿਰ ਕੂੜੇ ਦੇ ਢੇਰ 'ਤੇ ਬੈਠਾ ਨਜ਼ਰ ਆਵੇਗਾ | ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਦੇ ਹਰੇਕ ਵਾਰਡ ਦੀ ਗਲੀ ਦੇ ਨੁੱਕਰ 'ਤੇ ਕੂੜੇ ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਪਏ ਹਨ ਪਰ ਇਸ ਪਾਸੇ ਜਿੱਥੇ ਪੰਜਾਬ ਸਰਕਾਰ ਦਾ ਕੋਈ ਧਿਆਨ ਨਹੀ ਹੈ, ਉੱਥੇ ਹਲਕਾ ਵਿਧਾਇਕ ਵੀ ਕੂੜੇ ਦੇ ਢੇਰਾਂ ਦੀ ਗੰਦਗੀ ਨਾਲ ਬਣ ਰਹੀ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਦੀ ਕੋਈ ਤਵੱਜੋ ਦਿੰਦੇ ਨਜ਼ਰ ਨਹੀ ਆ ਰਹੇ | ਇਸ ਮੌਕੇ ਬਾਘਾ ਪੁਰਾਣਾ ਸ਼ਹਿਰ ਦੇ ਸਫ਼ਾਈ ਸੇਵਕ ਯੂਨੀਅਨ ਪ੍ਰਧਾਨ ਮਨਜੀਤ ਸਿੰਘ, ਵਾਈਸ ਪ੍ਰਧਾਨ ਭਾਗ ਮੱਲ, ਸੈਕਟਰੀ ਸੁਰਿੰਦਰਪਾਲ ਆਦਿ ਨੇ ਇਹ ਵੀ ਦੱਸਿਆ ਕਿ ਆਪ ਪਾਰਟੀ ਦੀ ਸਰਕਾਰ ਬਣੀ ਨੂੰ ਪੰਜ ਸਾਲ ਪੂਰੇ ਹੋਣ ਵਾਲੇ ਹਨ ਪਰ ਸਰਕਾਰ ਨੇ ਸਫ਼ਾਈ ਸੇਵਕਾਂ ਦੀਆਂ ਹੱਕਾਂ ਮੰਗਾਂ ਵੱਲ ਕੋਈ ਹੁਣ ਤੱਕ ਕੋਈ ਧਿਆਨ ਨਹੀ ਦਿੱਤਾ | ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਰਿਹਾਇਸ਼ੀ ਕਾਲੋਨੀਆਂ ਬੱਸ ਸਟੈਂਡ, ਜਨਤਕ ਥਾਵਾਂ ਅਤੇ ਸ਼ਹਿਰ ਦਾ ਹਰੇਕ ਵਾਰਡ 'ਚ ਕੂੜਾ ਨਜ਼ਰ ਆ ਰਿਹਾ ਹੈ ਅਤੇ ਇਸ ਕੂੜੇ ਦੇ ਢੇਰਾਂ ਕਾਰਨ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਬਣ ਰਿਹਾ ਹੈ ਜਿਸ ਦੇ ਚੱਲਦਿਆਂ ਸ਼ਹਿਰ ਵਾਸੀਆਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ | ਇਸ ਗੰਭੀਰ ਸਮੱਸਿਆ ਦੇ ਚੱਲਦਿਆਂ ਲੋਕ ਹੋਰਾਂ ਪਾਰਟੀਆਂ ਸਮੇਂ ਲੰਘੇ ਪੁਰਾਣਾ ਦਿਨਾਂ ਨੂੰ ਯਾਦ ਕਰ ਰਹੇ ਹਨ ਕਿ ਹੋਰਾਂ ਸਰਕਾਰਾਂ ਸਮੇਂ ਇਸ ਤਰ੍ਹਾਂ ਬਾਘਾ ਪੁਰਾਣਾ ਸ਼ਹਿਰ 'ਚ ਕੂੜੇ ਦਾ ਢੇਰ ਨਹੀ ਬਣੇ ਸਨ | ਇਸ ਸਮੇਂ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਸ਼ਹਿਰ ਸਫ਼ਾਈ ਪੱਖੋਂ ਸਾਫ਼-ਸੁਥਰਾ ਬਣ ਸਕੇ |