ਕੋਟ ਈਸੇ ਖਾਂ, 22 ਮਈ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ ਚਾਰ ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ਨੌਜਵਾਨ ਆਗੂ ਅੰਮਿ੍ਤਪਾਲ ਉਰਫ਼ ਕਪਿਲ ਮਹਿਤਾ ਦੇ ਹੱਕ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਹਾਜ਼ਰੀ ਵਿਚ ਹੋਏ ਚੋਣ ਜਲਸੇ ਵਿਚ ਵੱਡੀ ਗਿਣਤੀ ਨਾਲ ਪੁੱਜੇ ਵਾਰਡ ਨਿਵਾਸੀਆਂ ਨੇ ਪੂਰੇ ਜਾਹੋ ਜਲਾਲ ਨਾਲ ਸਮਰਥਨ ਦਿੰਦਿਆਂ ਵੱਡੀ ਲੀਡ ਨਾਲ ਜਿਤਾਉਣ ਦਾ ਤਹੱਈਆ ਕੀਤਾ | ਇਸ ਵਾਰਡ ਵਿਚ ਚੰਗਾ ਵੋਟ ਬੈਂਕ ਰੱਖਣ ਵਾਲੀਆਂ ਬਰਾਦਰੀਆਂ ਦੇ ਕਈ ਮੁਹਤਬਰਾਂ ਵਲੋਂ ਕਪਿਲ ਮਹਿਤਾ ਦੇ ਹੱਕ ਵਿਚ ਨਿੱਤਰਨ ਨਾਲ ਉਹ ਹੁਣ ਬੇਹੱਦ ਮਜ਼ਬੂਤ ਸਥਿਤੀ ਵਿਚ ਚੱਲ ਰਹੇ ਹਨ | ਕਪਿਲ ਮਹਿਤਾ ਦੇ ਹੱਕ 'ਚ ਹੋਈ ਇਸ ਚੋਣ ਬੈਠਕ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਸ਼ਹਿਰ ਵਾਸੀਆਂ ਨਾਲ ਕੀਤੇ ਵਾਅਦੇ ਮੁਤਾਬਿਕ ਪਹਿਲਾਂ ਵੀ ਉਨ੍ਹਾਂ ਨੇ ਪਾਰਕ, ਜਿੰਮ, ਖੇਡ ਸਟੇਡੀਅਮ, ਬੱਸ ਅੱਡਾ, ਸੀਵਰੇਜ ਸਮੇਤ ਕਈ ਵੱਡੇ ਕੰਮ ਕਰਵਾ ਕੇ ਵਿਕਾਸ ਕਾਰਜਾਂ 'ਚ ਕੋਈ ਕਸਰ ਨਹੀਂ ਛੱਡੀ | ਉਨ੍ਹਾਂ ਕਿਹਾ ਕਿ ਹਰੇਕ ਵਾਰਡ ਵਾਸੀਆਂ ਦੀ ਇਹ ਜ਼ਰੂਰਤ ਹੁੰਦੀ ਹੈ ਕਿ ਉਨ੍ਹਾਂ ਦੇ ਵਾਰਡ ਦੇ ਕੰਮ ਸਹੀ ਢੰਗ ਨਾਲ ਕਰਵਾਉਣ ਤੇ ਜ਼ਰੂਰਤ ਪੈਣ ਤੇ ਕੰਮ ਆਉਣ ਵਾਲਾ ਆਗੂ ਉਨ੍ਹਾਂ ਦੇ ਵਾਰਡ ਦਾ ਕੌਂਸਲਰ ਬਣੇ ਤੇ ਹੋਣਾ ਵੀ ਇਹੀ ਚਾਹੀਦਾ ਹੈ ਕਿ ਉਨ੍ਹਾਂ ਦੇ ਦੁੱਖ ਸੁੱਖ ਵਿਚ ਕੰਮ ਆਉਣ ਵਾਲੇ ਆਗੂ ਅੱਗੇ ਆਉਣ ਤੇ ਇਹੀ ਖ਼ੂਬੀਆਂ ਸਾਫ਼ ਸੁਥਰੇ ਅਕਸ ਵਾਲੇ ਨੌਜਵਾਨ ਆਗੂ ਕਪਿਲ ਮਹਿਤਾ ਵਿਚ ਹਨ | ਉਨ੍ਹਾਂ ਕਿਹਾ ਕਿ ਵਾਰਡ ਨਿਵਾਸੀ ਡਟ ਕੇ ਸਾਥ ਦੇਣ ਤੇ ਉਹ ਵਾਅਦਾ ਕਰਦੇ ਹਨ ਕਿ ਇਸ ਵਾਰਡ ਦੀਆਂ ਹੋਰ ਸੁੱਖ ਸਹੂਲਤਾਂ ਲਈ ਦਿਨ ਰਾਤ ਇਕ ਕਰ ਦੇਣਗੇ | ਇਸ ਮੌਕੇ ਸਰਪੰਚ ਇਕਬਾਲ ਸਿੰਘ ਢੋਲੇਵਾਲਾ, ਚੇਅਰਮੈਨ ਅਮਨ ਪੰਡੋਰੀ ਤੇ ਹੋਰਨਾਂ ਆਗੂਆਂ ਨੇ ਵੀ ਕਪਿਲ ਮਹਿਤਾ ਦੇ ਹੱਕ 'ਚ ਵੋਟ ਦੀ ਅਪੀਲ ਕੀਤੀ | ਇਸ ਮੌਕੇ ਵਾਰਡ ਵਾਸੀਆਂ ਦੇ ਮਿਲੇ ਭਰਵੇਂ ਸਮਰਥਨ ਨੂੰ ਦੇਖਦਿਆਂ ਕਪਿਲ ਮਹਿਤਾ ਨੇ ਆਪਣੇ ਭਾਵੁਕਤਾ ਭਰੇ ਸੰਬੋਧਨ 'ਚ ਕਿਹਾ ਕਿ ਕਈ ਲੋਕ ਪੈਸੇ ਦੇ ਬਲ 'ਤੇ ਸੱਤਵੇਂ ਅਸਮਾਨ ਵਿਚ ਹਨ ਪਰ ਉਨ੍ਹਾਂ ਮੁਕਾਬਲੇ ਉਹ ਕੋਈ ਵੱਡੇ ਲੀਡਰ ਤਾਂ ਨਹੀਂ, ਪਰ ਲੋਕਾਂ ਵਲੋਂ ਮਿਲ ਰਹੇ ਪਿਆਰ ਸਦਕਾ ਜੇਕਰ ਕੌਂਸਲਰ ਬਣਦੇ ਹਨ ਤਾਂ ਪੁੱਤ ਬਣ ਕੇ ਹਰ ਦੁੱਖ ਸੁੱਖ ਵਿਚ ਡਟ ਕੇ ਸਾਥ ਦੇਣਗੇ | ਇਸ ਮੌਕੇ ਵੱਡੀ ਗਿਣਤੀ ਵਿਚ ਵਾਰਡ ਵਾਸੀਆਂ ਨੇ ਬਾਂਹਾਂ ਖੜੀਆਂ ਕਰਕੇ ਅੰਮਿ੍ਤਪਾਲ ਕਪਿਲ ਮਹਿਤਾ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਵਿਸ਼ਵਾਸ ਦਿਵਾਇਆ |