ਮੋਗਾ, 23 ਮਈ (ਸੁਰਿੰਦਰਪਾਲ ਸਿੰਘ)-26 ਮਈ ਨੂੰ ਹੋ ਰਹੀਆਂ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 47 ਤੋਂ ਪੜ੍ਹੇ ਲਿਖੇ, ਸੂਝਵਾਨ, ਮਿਹਨਤੀ ਉਮੀਦਵਾਰ ਰਾਜ ਕੁਮਾਰ ਮਖੀਜਾ ਜੋ ਪਿਛਲੇ 10 ਸਾਲਾਂ ਤੋਂ ਵਾਰਡ ਵਾਸੀਆਂ ਦੀ ਸੇਵਾ ਕਰਦੇ ਆ ਰਹੇ ਹਨ ਤੇ ਇਸ ਵਾਰ ਆਪ ਪਾਰਟੀ ਵਲੋਂ ਫਿਰ ਚੋਣ ਮੈਦਾਨ ਵਿਚ ਹਨ ਤੇ ਉਨ੍ਹਾਂ ਦੇ 10 ਸਾਲ ਵਿਚ ਕੀਤੇ ਵਿਕਾਸ ਕਾਰਜਾਂ ਨੂੰ ਦੇਖਦਿਆਂ ਵਾਰਡ ਵਾਸੀਆਂ ਵਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਉਨ੍ਹਾਂ ਦੇ ਹੱਕ ਵਿਚ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਤੇ ਉਨ੍ਹਾਂ ਦੀ ਮੁਹਿੰਮ ਨੂੰ ਸਿਖ਼ਰਾਂ 'ਤੇ ਪਹੁੰਚਾਇਆ | ਡਾ. ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰਾਜ ਕੁਮਾਰ ਮਖੀਜਾ ਵਿਕਾਸ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਨ ਜੋ ਕਿ ਹਰ ਸਮੇਂ ਵਾਰਡ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਹਨ | ਇਸ ਮੌਕੇ ਨੈਸ਼ਨਲ ਕਾਨਵੈਂਟ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਦਾਨੀ ਨੇ ਕਿਹਾ ਕਿ ਰਾਜ ਕੁਮਾਰ ਮਖੀਜਾ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਤੇ ਵਾਰਡ ਦੇ ਵਿਕਾਸ ਦੀਆਂ ਨੀਤੀਆਂ ਨੂੰ ਵੇਖਦਿਆਂ ਆਪ ਪਾਰਟੀ ਨੇ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ | ਉਨ੍ਹਾਂ ਕਿਹਾ ਕਿ ਰਾਜ ਕੁਮਾਰ ਮਖੀਜਾ ਵਿਕਾਸ ਦਾ ਦੂਸਰਾ ਨਾਂਅ ਹੈ | ਰਾਜ ਕੁਮਾਰ ਮਖੀਜਾ ਨੇ ਕਿਹਾ ਕਿ ਜਿਸ ਤਰ੍ਹਾਂ ਵਾਰਡ ਵਾਸੀਆਂ ਨੇ ਦੋ ਵਾਰ ਉਨ੍ਹਾਂ ਨੂੰ ਕੌਂਸਲਰ ਬਣਾ ਕੇ ਨਿਵਾਜਿਆ ਹੈ ਤੇ ਇਸ ਵਾਰ ਫਿਰ ਵਾਰਡ ਵਾਸੀ ਉਨ੍ਹਾਂ ਨੂੰ ਵੱਡੀ ਗਿਣਤੀ ਨਾਲ ਜਿਤਾਉਣਗੇ |