ਮੋਗਾ, 24 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਵਲ ਸੁਸਾਇਟੀ ਮੋਗਾ ਵਲੋਂ ਸ਼ਹਿਰ ਦੇ ਸੁੰਦਰੀਕਰਨ ਲਈ ਵਰਤੇ ਜਾ ਰਹੇ ਮੈਟੀਰੀਅਲ ਦੇ ਪਿਛਲੇ ਦਿਨੀਂ ਲਏ ਗਏ ਸੈਂਪਲਾਂ ਦੀਆਂ ਰਿਪੋਰਟਾਂ ਜਨਤਕ ਹੋਣ ਤੋਂ ਬਾਅਦ ਸ਼ਹਿਰ ਦੇ ਰਾਜਨੀਤਕ ਮਾਹੌਲ ਵਿਚ ਇਕਦਮ ਗਰਮੀ ਵੱਧ ਗਈ ਹੈ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਵੀ ਇਸ ਦੀ ਈ.ਡੀ. ਜਾਂਚ ਦੀ ਮੰਗ ਕਰਨ ਲੱਗੀਆਂ ਹਨ | ਟਾਊਨ ਹਾਲ ਕਲੱਬ ਮਿਊਾਸੀਪਲ ਕਾਰਪੋਰੇਸ਼ਨ ਮੋਗਾ ਵਿਖੇ ਰੱਖੀ ਗਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਿਵਲ ਸੁਸਾਇਟੀ ਮੋਗਾ ਦੇ ਚੀਫ਼ ਐਡਵਾਈਜ਼ਰ ਡਾ. ਕੁਲਦੀਪ ਸਿੰਘ ਗਿੱਲ ਅਤੇ ਅਜੇ ਗੋਰਾ ਸੂਦ ਨੇ ਦੱਸਿਆ ਕਿ ਪ੍ਰਤਾਪ ਰੋਡ ਮੋਗਾ ਅਤੇ ਸੈਲਫੀ ਪੁਆਇੰਟ ਵੇਦਾਂਤ ਪਾਰਕ ਮੋਗਾ ਤੋਂ ਲਏ ਗਏ ਕਰਬ ਸਟੋਨ, ਇੰਟਰਲਾਕ ਟਾਈਲਾਂ ਅਤੇ ਪੀ.ਸੀ.ਸੀ. ਮੈਟੀਰੀਅਲ ਦੇ ਸੈਂਪਲ ਤਿੰਨ ਵੱਖ-ਵੱਖ ਮਾਨਤਾ ਪ੍ਰਾਪਤ ਪ੍ਰਾਈਵੇਟ ਲੈਬਾਂ ਨੂੰ ਭੇਜੇ ਗਏ ਸਨ | ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੀ ਰਿਪੋਰਟ ਜਨਤਕ ਕਰਦਿਆਂ ਉਨ੍ਹਾਂ ਖ਼ੁਲਾਸਾ ਕੀਤਾ ਕਿ ਕਰਬ ਸਟੋਨ ਜੋ ਕਿ ਸਾਲਿਡ ਕੰਕਰੀਟ ਨਾਲ ਬਣਦੀਆਂ ਹਨ, ਵਿਚ ਪੁਰਾਣੀਆਂ ਅਤੇ ਇੰਟਰਲਾਕ ਟਾਈਲਾਂ ਭਰ ਕੇ ਸਾਈਡਾਂ 'ਤੇ ਇਕ ਦੋ ਇੰਚ ਕੰਕਰੀਟ ਪਾਇਆ ਗਿਆ ਹੈ ਜਿਸ ਦੀ ਬਾਜ਼ਾਰੀ ਕੀਮਤ 100 ਤੋਂ 150 ਰੁਪਏ ਰਨਿੰਗ ਮੀਟਰ ਬਣਦੀ ਹੈ ਪਰ ਮਿਊਾਸੀਪਲ ਕਾਰਪੋਰੇਸ਼ਨ ਮੋਗਾ ਇਸ 'ਤੇ ਪ੍ਰਤੀ ਰਨਿੰਗ ਮੀਟਰ 400 ਰੁਪਏ ਤੋਂ ਉੱਪਰ ਖ਼ਰਚ ਕਰ ਰਹੀ ਹੈ ਤੇ ਇਸ ਤਰ੍ਹਾਂ ਲੋਕਾਂ ਦੇ ਪੈਸੇ ਦੀ ਵੱਡੀ ਪੱਧਰ 'ਤੇ ਲੁੱਟ ਹੋ ਰਹੀ ਹੈ, ਜਿਸ ਵਿਚ ਮਿਊਾਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੋਂ ਇਲਾਵਾ ਸੱਤਾਧਾਰੀ ਰਾਜਨੀਤਕ ਲੋਕ ਵੀ ਆਪਣੀਆਂ ਜੇਬਾਂ ਗਰਮ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇੰਟਰਲਾਕ ਟਾਈਲਾਂ ਦੇ ਸੈਂਪਲ ਨਿਰਧਾਰਿਤ ਮਾਪਦੰਡ ਪੂਰੇ ਕਰਦੇ ਹਨ ਜਦ ਕਿ ਪੀ.ਸੀ.ਸੀ. ਮੈਟੀਰੀਅਲ ਦੀ ਜਾਂਚ ਦੁਬਾਰਾ ਕਰਵਾਈ ਜਾਣੀ ਹੈ | ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵਿਕਾਸ ਕਾਰਜਾਂ ਲਈ ਵਰਤੇ ਜਾ ਰਹੇ ਹੋਰ ਮੈਟੀਰੀਅਲ ਦੀ ਵੀ ਜਾਂਚ ਕਰਵਾਈ ਜਾਵੇਗੀ ਤੇ ਉਨ੍ਹਾਂ ਦੀਆਂ ਰਿਪੋਰਟਾਂ ਵੀ ਜਨਤਕ ਕੀਤੀਆਂ ਜਾਣਗੀਆਂ | ਉਨ੍ਹਾਂ ਸ਼ੰਕਾ ਪ੍ਰਗਟ ਕੀਤੀ ਕਿ ਸ਼ਹਿਰ ਦੀਆਂ ਗਲੀਆਂ ਵਿਚੋਂ ਪੁੱਟੀਆਂ ਗਈਆਂ ਇੰਟਰਲਾਕ ਟਾਈਲਾਂ ਕਰਬ ਸਟੋਨ ਬਣਾਉਣ ਲਈ ਵਰਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਪਲਾਂ ਦੀਆਂ ਰਿਪੋਰਟਾਂ ਈ.ਡੀ. ਅਤੇ ਸੈਂਟਰਲ ਵਿਜੀਲੈਂਸ ਨੂੰ ਭੇਜ ਕੇ ਪਿਛਲੇ ਸਮੇਂ ਵਿਚ ਹੋਏ ਵਿਕਾਸ ਕਾਰਜਾਂ ਦੀ ਜਾਂਚ ਅਤੇ ਦੋਸ਼ੀ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ | ਇਸ ਮੌਕੇ ਕਾਂਗਰਸ ਦੇ ਆਗੂ ਸਾਥੀ ਵਿਜੇ ਕੁਮਾਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਰਛਪਾਲ ਸਿੰਘ ਸੋਸਣ ਅਤੇ ਚਰਨਜੀਤ ਝੰਡੇਆਣਾ ਨੇ ਸਿਵਲ ਸੁਸਾਇਟੀ ਮੋਗਾ ਦੇ ਇਸ ਉੱਦਮ ਦੀ ਤਾਰੀਫ਼ ਕਰਦਿਆਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ | ਇਸ ਮੌਕੇ ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਸਿੰਘ ਬੇਦੀ, ਮਲਵਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਪਿ੍ਤਪਾਲ ਸਿੰਘ ਗਿੱਲ, ਦਫ਼ਤਰ ਸਕੱਤਰ ਵੀ.ਪੀ. ਸੇਠੀ, ਵਿੱਤ ਸਕੱਤਰ ਦਿਆਲ ਸਿੰਘ, ਠੇਕੇਦਾਰ ਸੰਤੋਖ ਸਿੰਘ, ਤਰਸੇਮ ਸਿੰਘ ਗਗੜਾ, ਸੁਰੇਸ਼ ਸੂਦ ਆਦਿ ਵੀ ਹਾਜ਼ਰ ਸਨ |