ਅਜੀਤਵਾਲ, 24 ਮਈ (ਹਰਦੇਵ ਸਿੰਘ ਮਾਨ)-5 ਮਈ ਤੋਂ 10 ਮਈ ਤੱਕ ਚੰਡੀਗੜ੍ਹ ਵਿਖੇ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਰੋਇੰਗ ਚੈਂਪੀਅਨਸ਼ਿਪ ਵਿਚ ਢੁੱਡੀਕੇ ਕਲੱਬ ਦੇ ਅੱਠ ਖਿਡਾਰੀ ਨੇ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ ਸੋਨ ਤਗਮਾ ਅਤੇ ਛੇ ਕਾਂਸੀ ਮੈਡਲ ਜਿੱਤ ਕੇ ਕਲੱਬ ਵਲੋਂ ਲਗਾਤਾਰ ਪ੍ਰਾਪਤ ਕੀਤੀਆਂ ਜਾ ਰਹੀਆਂ ਵੱਡੀਆਂ ਜਿੱਤਾਂ ਵਿਚ ਇਕ ਹੋਰ ਸ਼ਾਨਦਾਰ ਵਾਧਾ ਕੀਤਾ | ਲੰਮੇ ਸਮੇਂ ਤੋਂ ਕਲੱਬ ਖਿਡਾਰੀਆਂ ਨੂੰ ਸਿਖਲਾਈ ਦੇ ਨਾਲ ਹੋਰ ਮੁਹਾਰਤਾਂ ਵਿਚ ਨਿਪੁੰਨ ਬਣਾਉਣ ਲਈ ਯਤਨਸ਼ੀਲ ਕੋਚ ਜਸਬੀਰ ਸਿੰਘ ਗਿੱਲ ਜਰਨਲ ਸਕੱਤਰ ਪੰਜਾਬ ਐਮੀਚਿਊਰ ਰੋਇੰਗ ਐਸੋਸੀਏਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਸਾਰੇ ਹੀ ਖਿਡਾਰੀਆਂ ਨੇ ਸਖ਼ਤ ਮਿਹਨਤ ਕੀਤੀ, ਜਿਨ੍ਹਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਢੁੱਡੀਕੇ ਕਲੱਬ ਦੇ ਖਿਡਾਰੀ ਪਿ੍ਆਸਪ੍ਰੀਤ ਸਿੰਘ, ਗੁਰਪ੍ਰੀਤ ਸਾਹ, ਅਮਨਦੀਪ ਸਿੰਘ, ਨਵਦੀਪ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕੀਤਾ | ਕਲੱਬ ਦੇ ਹੀ ਦੀਪਕ ਸਿੰਘ ਨੇ 3 ਕਾਂਸੀ ਮੈਡਲ, ਮਨਦੀਪ ਕੌਰ ਨੇ ਕਾਂਸੀ ਮੈਡਲ, ਪ੍ਰੇਮ ਚੰਦ ਕਾਂਸੀ ਮੈਡਲ, ਪਿ੍ਆਸਪ੍ਰੀਤ ਤੇ ਗੁਰਪ੍ਰੀਤ ਸ਼ਾਹ ਨੇ ਵੀ ਕਾਂਸੀ ਮੈਡਲ ਪ੍ਰਾਪਤ ਕੀਤਾ | ਉਨ੍ਹਾਂ ਸਾਰੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਖ਼ੁਸ਼ੀ ਪ੍ਰਗਟਾਈ ਕੇ ਪਿਛਲੇ ਲੰਮੇ ਸਮੇਂ ਤੋਂ ਢੁੱਡੀਕੇ ਕਲੱਬ ਦੇ ਵੱਖ-ਵੱਖ ਖਿਡਾਰੀ ਵੱਡੀਆਂ ਜਿੱਤਾਂ ਦਰਜ ਕਰ ਰਹੇ ਹਨ ਜੋ ਮੋਗੇ ਜ਼ਿਲੇ੍ਹ ਲਈ ਹੀ ਨਹੀਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਮਾਣ ਮਹਿਸੂਸ ਕਰਦਿਆਂ ਭਰੋਸਾ ਜਤਾਇਆ ਕਿ ਆਉਣ ਵਾਲੇ ਸਮੇਂ ਵਿਚ ਢੁੱਡੀਕੇ ਕਲੱਬ ਦੇ ਖਿਡਾਰੀ ਹੋਰ ਵੱਡੀਆਂ ਜਿੱਤਾਂ ਦਰਜ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਨਗੇ | ਇਸ ਦੌਰਾਨ ਪ੍ਰਧਾਨ ਜਸਦੀਪ ਸਿੰਘ ਗੈਰੀ, ਇੰਦਰਪਾਲ ਸਿੰਘ, ਚਰਨ ਸਿੰਘ, ਜਗਤਾਰ ਸਿੰਘ ਘਾਲੀ, ਕੈਪਟਨ ਬਲਵੰਤ ਸਿੰਘ ਗਿੱਲ, ਮਾਸਟਰ ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਹੇਰ,ਬਲਦੀਪ ਕੌਰ, ਸਰਪੰਚ ਗੁਰਜਿੰਦਰ ਸਿੰਘ ਸੋਨੀ, ਹਰਵਿੰਦਰ ਸਿੰਘ ਬਰਾੜ, ਪਿ੍ੰਸੀਪਲ ਬਲਦੇਵ ਬਾਵਾ, ਇੰਸਪੈਕਟਰ ਸੁਰਜੀਤ ਸਿੰਘ, ਢੁੱਡੀਕੇ ਪਿੰਡ ਸਮੇਤ ਇਲਾਕੇ ਦੀਆਂ ਪੰਚਾਇਤਾਂ, ਅਹਿਮ ਸ਼ਖ਼ਸੀਅਤਾਂ ਅਤੇ ਇਲਾਕਾ ਵਾਸੀਆਂ ਨੇ ਖੁਸੀ ਪ੍ਰਗਟ ਕਰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਪਿਛਲੇ ਲੰਮੇ ਸਮੇਂ ਤੋਂ ਇਸ ਖੇਡ ਨਾਲ ਜੋੜ ਕੇ ਖਿਡਾਰੀਆਂ ਲਈ ਮਿਹਨਤ ਕਰ ਰਹੇ ਕੋਚ ਜਸਵੀਰ ਸਿੰਘ ਗਿੱਲ ਅਤੇ ਮੈਡਮ ਜਸਮਿੰਦਰ ਕੌਰ ਗਿੱਲ ਦੀ ਪ੍ਰਸ਼ੰਸਾ ਕੀਤੀ |